ਪਠਾਨਕੋਟ, 31 ਦਸੰਬਰ (ਸੰਧੂ/ਵਿਨੋਦ)- ਪਠਾਨਕੋਟ ਦੇ ਮੁਹੱਲਾ ਸਿਆਲੀ ਕੁੱਲੀਆਂ ਵਿਖੇ ਬੀਤੀ ਦੇਰ ਸ਼ਾਮ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਕਿਸੇ ਦੁਸ਼ਮਣੀ ਨੂੰ ਲੈ ਕੇ ਸ਼ਿਵ ਮੰਦਿਰ ਗਲੀ ਵਿਚ ਇਕ ਘਰ ਦੇ ਗੇਟ 'ਤੇ ਤਿੰਨ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ | ਲੋਕਾਂ ਨੇ ਵਾਰਡ ਕੌਂਸਲਰ ਵਿਜੇ ਕੁਮਾਰ ਨੂੰ ਸੂਚਿਤ ਕੀਤਾ | ਕੌਂਸਲਰ ਦੀ ਸੂਚਨਾ ਤੋਂ ਬਾਅਦ ਐੱਸ.ਐੱਸ.ਪੀ. ਦਿਲਜਿੰਦਰ ਸਿੰਘ ਢਿੱਲੋਂ, ਡੀ.ਐੱਸ.ਪੀ. ਸਿਟੀ ਤੇ ਸਟੇਸ਼ਨ ਡਵੀਜ਼ਨ ਨੰਬਰ-2 ਦੇ ਇੰਚਾਰਜ ਅਰੁਣ ਕੁਮਾਰ ਸਮੇਤ ਇਕ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ | ਪੁਲਿਸ ਨੂੰ ਮੌਕੇ ਤੋਂ ਤਿੰਨ ਗੋਲੀਆਂ ਦੇ ਖ਼ੋਲ ਬਰਾਮਦ ਹੋਏ | ਜਦੋਂ ਪੁਲਿਸ ਨੇ ਆਂਢ-ਗੁਆਂਢ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਤਿੰਨ ਨੌਜਵਾਨਾਂ ਨੂੰ ਮੋਟਰਸਾਈਕਲ 'ਤੇ ਭੱਜਦੇ ਦੇਖਿਆ | ਜਾਣਕਾਰੀ ਮੁਤਾਬਿਕ ਮੁਹੱਲੇ ਦੇ ਲੋਕ ਸਿਆਲੀ ਕੁਲੀਆਂ ਸ਼ਿਵ ਮੰਦਿਰ ਨੂੰ ਜਾਣ ਵਾਲੀ ਗਲੀ ਵਿਚ ਆਪਣੇ ਘਰਾਂ ਦੇ ਬਾਹਰ ਬੈਠੇ ਸਨ | ਇਸ ਦੌਰਾਨ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਇਕ ਘਰ ਦੇ ਗੇਟ ਕੋਲ ਪਹੁੰਚੇ | ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਗਲੀ ਵਿਚ ਬੈਠੇ ਲੋਕਾਂ ਵਿਚ ਦਹਿਸ਼ਤ ਫੈਲ ਗਈ | ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ਜਿਸ ਘਰ ਦੇ ਬਾਹਰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ, ਉਹ ਘਨਸ਼ਿਆਮ ਨਾਮ ਦੇ ਵਿਅਕਤੀ ਦਾ ਘਰ ਹੈ | ਇਸ ਘਰ ਵਿਚ ਤਿੰਨ ਭਰਾ ਇਕੱਠੇ ਰਹਿੰਦੇ ਹਨ | ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਗੋਲੀਆਂ ਕਿਸ ਨੇ ਚਲਾਈਆਂ ਤੇ ਕਿਉਂ ਚਲਾਈਆਂ | ਜਾਂਚ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਤੇ ਗੋਲੀਬਾਰੀ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਸ਼ੁਰੂ ਕਰ ਦਿੱਤੀ | ਬਾਅਦ ਵਿਚ ਇਕ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ ਅਤੇ ਤਿੰਨ ਗੋਲੀਆਂ ਬਰਾਮਦ ਕੀਤੀਆਂ ਗਈਆਂ | ਪੁਲਿਸ ਜਾਂਚ ਕਰ ਰਹੀ ਹੈ |