ਡੇਰਾ ਬਾਬਾ ਨਾਨਕ, 2 ਜਨਵਰੀ (ਹੀਰਾ ਸਿੰਘ ਮਾਂਗਟ)-ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਵਿਚ ਕੀਟਨਾਸ਼ਕ ਗਲਾਈਫ਼ੋਸੇਟ 41 ਫ਼ੀਸਦੀ ਐੱਸ.ਐੱਲ. ਤੇ ਗਲਾਈਫ਼ੋਸੇਟ ਅਮੋਨੀਅਮ ਸਾਲਟ 71 ਫ਼ੀਸਦੀ ਐੱਸ.ਜੀ. ਦੀ ਵਿਕਰੀ ਤੇ ਰੱਖ-ਰਖਾਵ ਉੱਪਰ ਮੁਕੰਮਲ ਪਾਬੰਦੀ ਲੱਗੀ ਹੋਈ ਹੈ | ਕੋਈ ਦਵਾਈ ਵਿਕਰੇਤਾ ਜਾਂ ਕਿਸਾਨ ਇਨ੍ਹਾਂ ਨਦੀਨਨਾਸ਼ਕਾਂ ਦੀ ਵਿਕਰੀ ਜਾਂ ਰੱਖ-ਰਖਾਵ ਨਾ ਕਰੇ, ਉਸ ਲਈ ਅੱਜ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਰਣਧੀਰ ਠਾਕੁਰ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫ਼ਸਰ ਡਾ. ਸੁਖਬੀਰ ਸਿੰਘ ਸੰਧੂ ਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਜ਼ਾਦਵਿੰਦਰ ਸਿੰਘ, ਡਾ. ਗਗਨਦੀਪ ਸਿੰਘ, ਡਾ. ਹਿਤੇਸ਼ ਹੰਸ ਨੇ ਟੀਮ ਬਣਾ ਕੇ ਬਲਾਕ ਡੇਰਾ ਬਾਬਾ ਨਾਨਕ 'ਚ ਅਨਿਯਮਤ ਤਰੀਕੇ ਨਾਲ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾਵਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ ਤੇ ਇਹ ਨਿਰਦੇਸ਼ ਦਿੱਤੇ ਗਏ ਕਿ ਇਨ੍ਹਾਂ ਪਾਬੰਦੀਸ਼ੁਦਾ ਨਦੀਨਨਾਸ਼ਕਾਂ ਦੀ ਵਿਕਰੀ ਗ਼ੈਰ-ਕਾਨੂੰਨੀ ਹੈ ਅਤੇ ਜੇਕਰ ਕੋਈ ਵਿਕਰੇਤਾ ਗੁਪਤ ਤੌਰ 'ਤੇ ਅਤੇ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਦੀ ਵਿਕਰੀ ਜਾਂ ਰੱਖ-ਰਖਾਵ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਵੀ ਇਹ ਅਪੀਲ ਕੀਤੀ ਕਿ ਗੁਪਤ ਤਰੀਕੇ ਨਾਲ ਬਾਹਰਲੇ ਸੂਬਿਆਂ ਤੋਂ ਲਿਆ ਕੇ ਇਨ੍ਹਾਂ ਪਾਬੰਦੀਸ਼ੁਦਾ ਨਦੀਨਨਾਸ਼ਕਾਂ ਦੀ ਵਰਤੋਂ ਆਪਣੇ ਖੇਤਾਂ 'ਚ ਨਾ ਕੀਤੀ ਜਾਏ |