ਬਟਾਲਾ, 2 ਜਨਵਰੀ (ਹਰਦੇਵ ਸਿੰਘ ਸੰਧੂ)-ਥਾਣਾ ਸਿਟੀ ਬਟਾਲਾ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਸ਼ਾਮਲ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਬਾਰੇ ਥਾਣਾ ਸਿਟੀ ਐਸ.ਐਚ.ਓ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਬਟਾਲਾ ਤੇ ਡੀ.ਐਸ.ਪੀ. ਸਿਟੀ ਦੇ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਬਲਵਿੰਦਰ ਸਿੰਘ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਸ਼ਹਿਰ ਅੰਦਰ ਦੌਰਾਨ ਗਸ਼ਤ ਇਕ ਵਿਅਕਤੀ ਪਵਨ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਕੱਚਾ ਕੋਟ ਬਟਾਲਾ ਨੂੰ ਕਾਬੂ ਕੀਤਾ | ਉਸ ਪਾਸੋਂ 145 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਦੋਸ਼ੀ ਵਿਰੁੱਧ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਐਸ.ਐਚ.ਓ. ਨੇ ਦੱਸਿਆ ਕਿ ਕਾਬੂ ਕੀਤੇ ਪਵਨ ਕੁਮਾਰ ਨੇ ਮਿਤੀ 12 ਦਸੰਬਰ 2025 ਨੂੰ ਵਰੁਣ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਲਤਾਨੀ ਮੁਹੱਲਾ ਬਟਾਲਾ ਦੇ ਘਰ ਵਿਚ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਸੰਬੰਧੀ ਪਵਨ ਕੁਮਾਰ 'ਤੇ ਥਾਣਾ ਸਿਟੀ ਬਟਾਲਾ 'ਚ ਮਾਮਲਾ ਦਰਜ ਸੀ, ਗਿ੍ਫ਼ਤਾਰ ਪਵਨ ਕੁਮਾਰ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੇ ਗਹਿਣੇ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਗਸ਼ਤ ਦੌਰਾਨ ਜੀਵਨ ਸਿੰਘ ਪੁੱਤਰ ਸੁਲੱਖਣ ਸਿੰਘ ਤੇ ਹਰੀਸ਼ ਕੁਮਾਰ ਪੁੱਤਰ ਜਸਪਾਲ ਵਾਸੀ ਗੋਂਸਪੁਰਾ ਬਟਾਲਾ ਨੂੰ ਕਾਬੂ ਕਰਕੇ ਇਨ੍ਹਾਂ ਦੋਵਾਂ ਕੋਲੋ 70 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਇਸ ਤੋਂ ਇਲਾਵਾ ਨਸ਼ਾ ਵਿਰੋਧੀ ਐਕਟ ਦੇ ਮੁਕੱਦਮੇ 'ਚ ਲੋੜੀਂਦਾ ਵਿਅਕਤੀ ਨਰਿੰਦਰਪਾਲ ਪੁੱਤਰ ਸੁਰਜੀਤ ਕੁਮਾਰ ਵਾਸੀ ਗੌਸਪੁਰਾ ਬਟਾਲਾ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ |