ਘੁਮਾਣ, 2 ਜਨਵਰੀ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 676ਵਾਂ ਪਰਲੋਕ ਗਮਨ ਦਿਵਸ ਮਨਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸਥਿਤ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ, ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ, ਗੁਰਦੁਆਰਾ ਚਰਨ ਕਮਲ ਸਾਹਿਬ ਕਮੇਟੀ, ਗੁਰਦੁਆਰਾ ਨਾਮੇਆਣਾ ਸਾਹਿਬ ਭੱਟੀਵਾਲ, ਗੁਰਦੁਆਰਾ ਖੂਹ ਸਾਹਿਬ ਭੱਟੀਵਾਲ ਤੇ ਗੁਰਦੁਆਰਾ ਖੂੰਡੀ ਸਾਹਿਬ ਭੱਟੀਵਾਲ ਪ੍ਰਬੰਧਕ ਕਮੇਟੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਰਪ੍ਰਸਤ ਹਰਜਿੰਦਰ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ, ਸਾ. ਸਰਪੰਚ ਨਰਿੰਦਰ ਸਿੰਘ ਨਿੰਦੀ, ਜੁਆਇੰਟ ਸਕੱਤਰ ਸਰਬਜੀਤ ਸਿੰਘ ਬਾਵਾ ਤੇ ਮੁੱਖ ਸਲਾਹਕਾਰ ਮਾਸਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ 10 ਤੋਂ 17 ਜਨਵਰੀ ਤੱਕ ਪ੍ਰੋਗਰਾਮ ਚੱਲਣ ਵਾਲੇ ਹਨ | ਪ੍ਰੋਗਰਾਮਾਂ 'ਚ 13 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ | 14 ਜਨਵਰੀ ਨੂੰ ਮਾਘੀ ਦੀ ਸੰਗਰਾਂਦ ਦਾ ਦਿਨ ਮਨਾਇਆ ਜਾਵੇਗਾ ਤੇ 15 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਹੋਣਗੇ | ਉਨ੍ਹਾਂ ਦੱਸਿਆ ਕਿ 13 ਜਨਵਰੀ ਦੀ ਰਾਤ ਕੀਰਤਨ ਸਮਾਗਮ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਕਰਵਾਏ ਜਾਣਗੇ, ਜਿਸ 'ਚ ਪੰਥ ਦੇ ਪ੍ਰਸਿੱਧ ਕੀਰਤਨੀਏ, ਪ੍ਰਚਾਰਕ ਤੇ ਢਾਡੀ ਪਹੁੰਚਣਗੇ | ਦੇਸ਼-ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਤੇ ਲੰਗਰ ਦੇ ਪ੍ਰਬੰਧ ਦੇ ਨਾਲ-ਨਾਲ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਤੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਉਪ ਪ੍ਰਧਾਨ ਲਖਬੀਰ ਸਿੰਘ ਕਲਸੀ ਆਦਿ ਪ੍ਰਬੰਧਕਾਂ ਨੇ ਦੱਸਿਆ ਕਿ 13 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪੈਣਗੇ | ਉਪਰੰਤ 13 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਤਪਿਆਣਾ ਸਾਹਿਬ ਤੋਂ ਆਰੰਭ ਹੋਵੇਗਾ | ਨਗਰ ਕੀਰਤਨ ਸਵੇਰੇ 10 ਵਜੇ ਗੁਰਦੁਆਰਾ ਤਪਿਆਣਾ ਸਾਹਿਬ ਤੋਂ ਆਰੰਭ ਹੋਣਗੇ, ਜਿਸ ਤੋਂ ਬਾਅਦ ਗੁਰਦੁਆਰਾ ਚਰਨ ਕਮਲ ਸਾਹਿਬ, ਸ੍ਰੀ ਨਾਮਦੇਵ ਦਰਬਾਰ ਘੁਮਾਣ, ਮੁੱਖ ਬਾਜ਼ਾਰ, ਅੱਡਾ ਚੌਕ ਤੋਂ ਹੁੰਦੇ ਹੋਏ ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਬਾਬਾ ਫਿਰਨਾ ਜੀ ਤੋਂ ਹੋ ਕੇ ਸ਼ਾਮ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਸਮਾਪਤੀ ਹੋਵੇਗੀ | ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਕੀਰਤਨ ਸਮਾਗਮ ਹੋਣਗੇ, ਇਹ ਸਮਾਗਮ 15 ਜਨਵਰੀ ਤੱਕ ਚੱਲਣਗੇ | ਗੁਰਦੁਆਰਾ ਚਰਨ ਕਮਲ ਸਾਹਿਬ ਕਮੇਟੀ ਦੇ ਮੁੱਖ ਪ੍ਰਬੰਧਕ ਮਾਸਟਰ ਸੁਰਿੰਦਰ ਸਿੰਘ ਬੇਦੀ ਤੇ ਸਕੱਤਰ ਅਮਰਜੀਤ ਸਿੰਘ ਪੁਰਬਾ ਨੇ ਦੱਸਿਆ ਕਿ 13 ਜਨਵਰੀ ਨੂੰ ਰਾਤ ਗੁਰਮਤਿ ਸਮਾਗਮ ਕਰਵਾਏ ਜਾਣਗੇ, ਜਿਸ 'ਚ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਰਾਗੀ ਸਿੰਘ ਪਹੁੰਚਣਗੇ | ਇਸੇ ਤਰ੍ਹਾਂ ਭੱਟੀਵਾਲ ਸਥਿਤ ਇਤਿਹਾਸਕ ਤਿੰਨ ਗੁਰਦੁਆਰਾ ਸਾਹਿਬ 'ਚ ਵੀ ਇਸੇ ਤਰ੍ਹਾਂ 13 ਤੋਂ 15 ਜਨਵਰੀ ਤੱਕ ਸਮਾਗਮ ਹੋਣਗੇ |