ਬਟਾਲਾ, 5 ਦਸੰਬਰ (ਸਤਿੰਦਰ ਸਿੰੰਘ)-ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਇਸ ਸਮੇ ਜਬਰ ਜਨਾਹ ਦੇ ਦੋਸ਼ 'ਚ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜ਼ੇਲ੍ਹ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ, ਨੂੰ 40 ਦਿਨਾਂ ਦੀ ਹੋਰ ਪੈਰੋਲ ਮਿਲ ਗਈ ਹੈ | ਪਿਛਲੇ ਕੱੁਝ ਸਮੇਂ ਵਿਚ ਹੀ ਸੌਦਾ ਸਾਧ ਕਈ ਵਾਰ ਪੈਰੋਲ 'ਤੇ ਬਾਹਰ ਆ ਚੁੱਕਾ ਹੈ, ਜਿਹੜਾ ਕਿ ਇਕ ਖੂੰਖਾਰ ਅਪਰਾਧੀ ਦਾ ਬਾਰ- ਬਾਰ ਬਾਹਰ ਆਉਣਾ ਚਿੰਤਾ ਦਾ ਵਿਸ਼ਾ ਹੈ | ਜਦ ਕਿ 32-32 ਸਾਲਾਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਨੂੰ ਨਾ ਤਾਂ ਰਿਹਾਅ ਕੀਤਾ ਜਾ ਰਿਹਾ ਹੈ ਤੇ ਨਾ ਹੀ ਪੈਰੋਲ ਦਿੱਤੀ ਜਾ ਰਹੀ ਹੈ, ਜਿਹੜੀ ਕਿ ਇਸ ਦੇਸ਼ 'ਚ ਦੋਹਰੇ ਕਾਨੂੰਨ ਦੀ ਮਿਸਾਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਆਖਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਲੰਬੇ ਸਮੇਂ ਤੋਂ ਪੈਰੋਲ ਮੰਗ ਰਿਹਾ ਹੈ, ਪਰ ਉਸ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ | ਭਾਰਤ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ, ਉਸ 'ਚ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਜਿਸ ਕਰਕੇ ਅਮਰੀਕੀ ਕਾਨੂੰਨਸਾਜਾਂ ਨੇ ਵਸ਼ਿੰਗਟਨ 'ਚ ਭਾਰਤੀ ਰਾਜਦੂਤ ਵਿਨੇ ਮੋਹਨ ਕਵਾਤਰਾ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਭਾਰਤ ਤੇ ਮਨੁੱਖੀ ਅਧਿਕਾਰਾਂ ਤੇ ਅੰਤਰਰਾਸ਼ਟਰੀ ਕਾਨੂੰਨ ਦੀਆਂ ਜ਼ਿੰਮੇਵਾਰੀਆਂ ਬਾਰੇ ਗੰਭੀਰ ਸਵਾਲ ਖੜੇ ਕੀਤੇ ਹਨ ਤੇ ਨਾਜਾਇਜ਼ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਰਿਹਾਈ ਦੀ ਵਕਾਲਤ ਕੀਤੀ ਹੈ, ਜਿਸ ਨਾਲ ਸੰਸਾਰ ਭਰ ਵਿਚ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਨੂੰ ਵੱਡੇ ਪੱਧਰ 'ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ |