ਦੀਨਾਨਗਰ, 5 ਜਨਵਰੀ (ਸੋਢੀ/ਸ਼ਰਮਾ)-ਆਰੀਆ ਸਮਾਜ ਮੰਦਰ ਦੀਨਾਨਗਰ ਵਿਖੇ ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ ਦੀ ਪ੍ਰਧਾਨਗੀ ਹੇਠ ਆਰੀਆ ਜਗਤ ਦੇ ਪ੍ਰਸਿੱਧ ਸਨਿਆਸੀ ਸਵਾਮੀ ਸ਼ਰਧਾਨੰਦ ਦਾ ਬਲੀਦਾਨ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਪ੍ਰੋਗਰਾਮ ਦਾ ਆਰੰਭ ਹਵਨ ਯੱਗ ਨਾਲ ਹੋਇਆ | ਉਪਰੰਤ ਦਯਾਨੰਦ ਮੱਠ ਦੇ ਬ੍ਰਹਮਚਾਰੀ ਹਿਤੇਸ਼ ਨੇ ਸਵਾਮੀ ਸ਼ਰਧਾਨੰਦ ਦੇ ਜੀਵਨ 'ਤੇ ਆਧਾਰਿਤ ਭਜਨ ਪੇਸ਼ ਕੀਤੇ | ਸਮਾਗਮ ਦੌਰਾਨ ਆਰੀਆ ਸਮਾਜ ਦੇ ਸਾਬਕਾ ਮੰਤਰੀ ਜੋਗਿੰਦਰ ਪਾਲ ਗੁਪਤਾ, ਜਤਿੰਦਰ ਸ਼ਾਸਤਰੀ, ਕਿਸ਼ੋਰ ਸ਼ਾਸਤਰੀ, ਖ਼ਜ਼ਾਨਚੀ ਰਾਜੇਸ਼ ਮਹਾਜਨ ਤੇ ਪ੍ਰਧਾਨ ਈਸ਼ਵਰ ਭੱਲਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਵੀ ਸਵਾਮੀ ਸ਼ਰਧਾਨੰਦ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸਵਾਮੀ ਸ਼ਰਧਾਨੰਦ ਭਾਰਤੀ ਹਿੰਦੂ ਸ਼ੁੱਧੀ ਸਭਾ ਦੇ ਸੰਸਥਾਪਕ ਸਨ ਤੇ ਉਹ ਮਹਿਲਾਵਾਂ ਨੂੰ ਸਿੱਖਿਅਤ ਕਰਨ ਦੇ ਅਭਿਆਨ ਦੇ ਮੋਢੀ ਸਨ | ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਮਹਾਂਪੁਰਸ਼ਾਂ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ | ਇਸ ਮੌਕੇ ਠਾਕੁਰ ਰਸ਼ਪਾਲ ਸਿੰਘ, ਰਾਧੇ ਸ਼ਿਆਮ ਮਹਾਜਨ, ਸੁਧਾਂਸ਼ੂ ਪੁਸ਼ਪ, ਸੁਭਾਸ਼ ਕੋਹਲੀ, ਬੰਟੀ ਮਹਾਜਨ ਆਦਿ ਹਾਜ਼ਰ ਸਨ |