ਤਾਰਾਗੜ੍ਹ, 23 ਜਨਵਰੀ (ਸੋਹਨ ਲਾਲ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਤੇ ਤਾਰਾਗੜ੍ਹ ਥਾਣਾ ਮੁਖੀ ਅੰਗਰੇਜ਼ ਸਿੰਘ ਦੀ ਯੋਗ ਅਗਵਾਈ ਹੇਠ ਤਾਰਾਗੜ੍ਹ ਪੁਲਿਸ ਵਲੋਂ 17 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ | ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਭੈੜੇ ਅਨਸਰਾਂ ਦੀ ਪਕੜ 'ਚ ਪਿੰਡ ਜਾਨੀ ਚੱਕ ਮਾਜਰਾ ਤੇ ਜੋਈਆਂ ਆਦਿ ਪਿੰਡਾਂ ਨੰੂ ਜਾ ਰਹੇ ਸਨ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮੁਖਬਰ ਨੇ ਦੱਸਿਆ ਕਿ ਅਨਿਲ ਕੁਮਾਰ ਕਾਕਾ ਵਾਸੀ ਪਿੰਡ ਮਾਜਰਾ ਥਾਣਾ ਤਾਰਾਗੜ੍ਹ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ ਤੇ ਅੱਜ ਵੀ ਉਸ ਦੀ ਕਾਰ ਸਵਿਫ਼ਟ ਵਿਚ ਨਾਜਾਇਜ਼ ਸ਼ਰਾਬ ਲੋਡ ਹੈ, ਜੋ ਕਿ ਉਸ ਨੇ ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਹੋਈ ਹੈ, ਜੇ ਹੁਣੇ ਪੁਲਿਸ ਦੁਆਰਾ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ | ਥਾਣਾ ਮੁਖੀ ਨੇ ਦੱਸਿਆ ਕਿ ਜਲਦ ਹੀ ਪੁਲਿਸ ਪਾਰਟੀ ਨੇ ਉਸ ਦੇ ਘਰ ਛਾਪੇਮਾਰੀ ਕੀਤੀ, ਪਰ ਉਹ ਮੌਕੇ 'ਤੇ ਮੌਜੂਦ ਨਹੀਂ ਸੀ ਤੇ ਜਦ ਘਰ ਬਾਹਰ ਖੜ੍ਹੀ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਉਸ 'ਚੋਂ 14 ਪੇਟੀਆਂ ਬਲੈਕ ਹਾਰਨ, ਦੋ ਪੇਟੀਆਂ ਓਲਡ ਮੋਕ ਰੰਮ ਤੇ ਇਕ ਪੇਟੀ ਰਾਇਲ ਸਟੈਗ ਬਰਾਮਦ ਹੋਈ | ਪੁਲਿਸ ਨੇ ਦੋਸ਼ੀ ਦੀ ਕਾਰ ਤੇ ਸ਼ਰਾਬ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀ ਦੀ ਭਾਲ ਜਾਰੀ ਹੈ |