ਕਾਦੀਆਂ, 24 ਜਨਵਰੀ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ. ਸੀ. ਸੀ. ਕੈਡਿਟ ਵਲੋਂ ਕੌਮੀ ਪੱਧਰ ਦੇ 8 ਰੋਜ਼ਾ ਐੱਨ. ਸੀ. ਸੀ. ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿਥੇ ਸਰਟੀਫਿਕੇਟ ਹਾਸਿਲ ਕੀਤਾ ਗਿਆ ਹੈ, ਉਥੇ ਕੌਮੀ ਪੱਧਰ 'ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ ਬਾਰੇ ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਐੱਨ. ਸੀ. ਸੀ. ਵਿੰਗ ਦੇ ਇੰਚਾਰਜ ਏ. ਐਨ. ਓ. ਲੈਫ਼ਟੀਨੈਂਟ ਸਤਵਿੰਦਰ ਸਿੰਘ ਨੇ ਦੱਸਿਆ ਕਿ ਕੈਡਿਟ ਗੁਰਸੇਵਕ ਸਿੰਘ ਨੇ ਹਿਮ ਟਰੈਕ ਕੈਂਪ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਭਾਗ ਲਿਆ ਸੀ | ਇਹ ਕੈਂਪ 8 ਐੱਚ. ਪੀ. ਬਟਾਲੀਅਨ ਐੱਨ. ਸੀ. ਸੀ. ਸ਼ਿਮਲਾ ਵਲੋਂ ਲਗਾਇਆ ਗਿਆ ਸੀ | ਇਸ ਕੈਂਪ ਦੇ ਕਮਾਂਡਿੰਗ ਅਫ਼ਸਰ ਕਰਨਲ ਵੀ. ਐੱਮ. ਪਰਮਾਰ ਸਨ | ਇਸ ਕੈਂਪ 'ਚ ਪੰਜਾਬ-ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਤੋਂ 510 ਕੈਡਿਟਾਂ ਨੇ ਭਾਗ ਲਿਆ | ਇਸ ਕੈਂਪ 'ਚ ਟਰੈਕਿੰਗ ਤੋਂ ਇਲਾਵਾ ਜੋ ਕਿ ਰੋਜ਼ 12 ਕਿਲੋਮੀਟਰ ਹੁੰਦੀ ਸੀ, ਸੱਭਿਆਚਾਰਕ ਗਤੀਵਿਧੀਆਂ, ਜੈਵਲਿਨ ਥਰੋਅ, ਵਾਲੀਬਾਲ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਕੈਂਪ ਵਿਚ 22 ਪੰਜਾਬ ਐੱਨ. ਸੀ. ਸੀ. ਬਟਾਲੀਅਨ ਬਟਾਲਾ ਤੋਂ ਕੁੱਲ 23 ਕੈਡਿਟਾਂ ਨੇ ਭਾਗ ਲਿਆ, ਜੋ ਕਿ ਲੈਫ਼ਟੀਨੈਂਟ ਰਵਿੰਦਰ ਸ਼ਰਮਾ ਦੀ ਅਗਵਾਈ 'ਚ ਸ਼ਿਮਲੇ ਪਹੁੰਚੇ ਸਨ | ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ. ਸੀ. ਸੀ. ਕੈਡਿਟ ਗੁਰਸੇਵਕ ਸਿੰਘ ਨੇ ਇਸ ਕੌਮੀ ਪੱਧਰ ਦੇ ਕੈਂਪ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਕੈਡਿਟ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |