ਗੁਰਦਾਸਪੁਰ, 24 ਜਨਵਰੀ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਦਿਹਾਤੀ ਅਤੇ ਧਾਰਮਿਕ ਅਸਥਾਨਾਂ ਨੰੂ ਜਾਣ ਵਾਲੀਆਂ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ | ਸੜਕ ਵਿਚਕਾਰ ਡੂੰਘੇ ਟੋਇਆਂ ਕਾਰਨ ਪਿੰਡ ਵਾਸੀਆਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਖ਼ਾਸ ਕਰਕੇ ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ਤੋਂ ਸ਼ਹੀਦ ਬੀਬੀ ਸੁੰਦਰੀ ਗੁਰਦੁਆਰਾ ਸਾਹਿਬ ਦੀ ਸੜਕ ਕਾਫ਼ੀ ਖਸਤਾ ਹਾਲਤ ਵਿਚ ਹੈ ਅਤੇ ਸ਼ਰਧਾਲੂਆਂ ਨੰੂ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਹੈ | ਇਸ ਸਬੰਧੀ ਪਿੰਡ ਨੌਸ਼ਹਿਰਾ ਦੇ ਲੋਕਾਂ ਨੇ ਦੱਸਿਆ ਕਿ ਸੜਕ ਦੇ ਕੁਝ ਹਿੱਸੇ 'ਚ ਬੱਜਰ ਪਾ ਦਿੱਤਾ ਹੈ ਅਤੇ ਪਿੰਡ ਵਿਚਕਾਰ ਸੜਕ 'ਤੇ ਬੱਜਰ ਨਹੀਂ ਪਿਆ | ਜਿਸ ਕਾਰਨ ਵੱਡੇ ਟੋਇਆਂ 'ਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ ਅਤੇ ਸਕੂਲੀ ਬੱਚਿਆਂ ਨੰੂ ਵੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ | ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਪਿੰਡ ਨੌਸ਼ਹਿਰਾ ਤੇ ਬੀਬੀ ਸੁੰਦਰੀ ਗੁਰਦੁਆਰੇ ਨੰੂ ਜਾਂਦੀ ਸੜਕ ਪਹਿਲ ਦੇ ਆਧਾਰ 'ਤੇ ਬਣਾਉਣ ਲਈ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ |