ਗੁਰਦਾਸਪੁਰ 28 ਜਨਵਰੀ (ਚੱਕਰਾਜਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਹੈ | ਇਸ ਤਹਿਤ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਲਈ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵਲੋਂ ਹਰੀ ਝੰਡੀ ਦੇ ਕੇ ਦਾਖ਼ਲਾ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਸਿੱਖਿਆ ਦੇ ਖੇਤਰ 'ਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ./ਐਲ.) ਪਰਮਜੀਤ ਨੇ ਦੱਸਿਆ ਕਿ ਇਹ ਰੈਲੀ ਜ਼ਿਲ੍ਹੇ ਦੇ 19 ਸਿੱਖਿਆ ਬਲਾਕਾਂ ਦੇ ਪਿੰਡਾਂ ਤੇ ਸ਼ਹਿਰਾਂ 'ਚ ਜਾ ਕੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਾਉਣ ਲਈ ਪ੍ਰੇਰਿਤ ਕਰੇਗੀ | ਉਨ੍ਹਾਂ ਕਿਹਾ ਕਿ ਸੂਬੇ ਵਿਚ 100 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਦੇ ਨਾਲ ਪੰਜਾਬ ਸਰਕਾਰ ਵਲੋਂ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਅਧਿਆਪਕ ਨੂੰ ਸਿੰਘਾਪੁਰ ਤੇ ਫਿਨਲੈਂਡ ਵਰਗੇ ਦੇਸ਼ਾਂ 'ਚ ਟ੍ਰੇਨਿੰਗ ਲਈ ਭੇਜਿਆ ਗਿਆ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲ.) ਡਾ: ਅਨਿਲ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ 'ਚ ਉੱਚ ਯੋਗਤਾ ਪ੍ਰਾਪਤ ਸਟਾਫ਼ ਵਲੋਂ ਬੱਚਿਆਂ ਨੂੰ ਈ-ਕੰਨਟਾੈਟ ਦੁਆਰਾ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਸਿੱਖਿਆ ਵਿਭਾਗ ਵਲੋਂ ਈ-ਪੰਜਾਬ ਪੋਰਟਲ 'ਤੇ ਸਾਰੀਆਂ ਕਲਾਸਾਂ ਦੇ ਵਿਸ਼ਿਆਂ ਦੀਆਂ ਪੁਸਤਕਾਂ ਅੱਪਲੋਡ ਕੀਤੀਆਂ ਗਈਆਂ ਹਨ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਗਿੱਲ, ਰਾਕੇਸ਼ ਕੁਮਾਰ, ਗੁਰਇਕਬਾਲ ਸਿੰਘ ਗੋਰਾਇਆ, ਪੋਹਲਾ ਸਿੰਘ, ਡੀ.ਈ.ਓ ਦਫ਼ਤਰ ਤੋਂ ਸੁਪਰਡੈਂਟ ਪ੍ਰਬੋਧ ਕੁਮਾਰ, ਸੁਪਰਡੈਂਟ ਦਲਜਿੰਦਰ ਕੌਰ, ਅਨੂੰ ਅਰੋੜਾ, ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ, ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ, ਮਲਕਿੰਦਰ ਸਿੰਘ, ਸਤਪਾਲ ਮਸੀਹ, ਜੋਤੀ, ਰਜਨੀ, ਪ੍ਰਤਿਕਾ, ਨੀਤੂ, ਸੁਮਨ, ਪ੍ਰਵੀਨ ਕੁਮਾਰ, ਕਮਲ, ਅਮਨਦੀਪ ਸਾਹਨੀ, ਅਮਨ ਗੁਪਤਾ, ਰਾਹੁਲ ਲੂਣਾ, ਸੁਮਿਤ ਕੁਮਾਰ, ਧਰਮਦੀਪ ਹਾਜ਼ਰ ਸਨ |