ਗੁਰਦਾਸਪੁਰ, 28 ਜਨਵਰੀ (ਪੰਕਜ ਸ਼ਰਮਾ)-ਨਸ਼ਾ ਮੁਕਤ ਪੰਜਾਬ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਰਵਿੰਦਰ ਖੰਨਾ (ਰਾਜੂ) ਦੀ ਅਗਵਾਈ ਹੇਠ ਸਥਾਨਕ ਬਾਟਾ ਚੌਕ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਰਾਸ਼ਟਰੀ ਤਿਰੰਗੇ ਨੂੰ ਸਲਾਮੀ ਦਿੱਤੀ ਤੇ ਦੇਸ਼ ਦੇ ਸੰਵਿਧਾਨ, ਏਕਤਾ ਤੇ ਅਖੰਡਤਾ ਪ੍ਰਤੀ ਵਫ਼ਾਦਾਰੀ ਪ੍ਰਗਟ ਕੀਤੀ ਗਈ | ਇਸ ਮੌਕੇ ਨਸ਼ਾ ਮੁਕਤ ਪੰਜਾਬ ਮੋਰਚੇ ਦੇ ਮੈਂਬਰਾਂ ਦੇ ਨਾਲ ਬਾਟਾ ਚੌਕ ਦੇ ਦੁਕਾਨਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਸਾਰਿਆਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ | ਰਵਿੰਦਰ ਖੰਨਾ (ਰਾਜੂ) ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਸਾਡੇ ਅਧਿਕਾਰਾਂ ਦੇ ਨਾਲ-ਨਾਲ ਸਾਡੇ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ ਤੇ ਸੱਚੀ ਦੇਸ਼ ਭਗਤੀ ਇਕ ਸਿਹਤਮੰਦ, ਨਸ਼ਾ ਮੁਕਤ ਸਮਾਜ ਦੀ ਉਸਾਰੀ 'ਚ ਹੈ | ਇਹ ਸਮਾਗਮ ਸ਼ਾਂਤੀਪੂਰਨ ਤੇ ਸਦਭਾਵਨਾ ਭਰੇ ਮਾਹੌਲ 'ਚ ਸਮਾਪਤ ਹੋਇਆ |