ਤਾਰਾਗੜ੍ਹ, 30 ਜਨਵਰੀ (ਸੋਹਨ ਲਾਲ)-ਭਾਰਤ ਨੂੰ ਆਜ਼ਾਦ ਹੋਏ ਲਗਭਗ 77 ਸਾਲ ਹੋ ਗਏ ਹਨ, ਪਰ ਭੋਆ ਹਲਕੇ ਅਧੀਨ ਪੈਂਦੇ ਪਿੰਡ ਤਾਰਾਗੜ੍ਹ-ਬੇਗੋਵਾਲ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ | ਜਦ ਕਿ ਇਹ ਕਸਬਾ ਇਲਾਕੇ ਦੇ ਲਗਭਗ 87 ਪਿੰਡਾਂ ਨਾਲ ਜੁੜਿਆ ਹੋਇਆ ਹੈ | ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਪਿੰਡ ਦਾ ਬਾਜ਼ਾਰ ਤਕਰੀਬਨ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ | ਪਰ ਅਜੇ ਤੱਕ ਸਰਕਾਰ ਨੇ ਇਸ ਕਸਬੇ 'ਚ ਕੋਈ ਵੀ ਬੱਸ ਸਟੈਂਡ ਨਹੀਂ ਬਣਾਇਆ, ਜਿਸ ਕਾਰਨ ਬੱਸ ਚਾਲਕਾਂ ਨੂੰ ਬੱਸਾਂ ਸੜਕ ਦੇ ਕਿਨਾਰੇ ਲਗਾ ਕੇ ਸਵਾਰੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਕਸਬੇ ਵਿਚ ਨਾ ਹੀ ਕੋਈ ਜਨਤਕ ਪਖ਼ਾਨਾ ਹੈ | ਜਿਸ ਕਾਰਨ ਲੋਕਾਂ ਨੂੰ ਖ਼ਾਸ ਕਰਕੇ ਔਰਤਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਗੱਲਬਾਤ ਦੌਰਾਨ ਮਦਨ ਲਾਲ ਮੱਦੀ, ਠਾਕੁਰ ਸਰਬਜੀਤ ਸਿੰਘ, ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਜ਼ੈਲਦਾਰ ਸ਼ੇਰ ਸਿੰਘ, ਪਰਮਜੀਤ ਸਿੰਘ, ਗੁਰਸੇਵਕ ਸਿੰਘ, ਪੰਚਾਇਤ ਮੈਂਬਰ ਬਾਲ ਕਿ੍ਸ਼ਨ ਬੱਬੀ ਅਤੇ ਹੈਪੀ ਸੈਣੀ ਆਦਿ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰਾਂ ਵਾਅਦੇ ਕਰਦੀਆਂ ਹਨ ਕਿ ਤਾਰਾਗੜ੍ਹ 'ਚ ਬੱਸ ਸਟੈਂਡ ਤੇ ਪਖਾਨਾ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇਗਾ | ਪਰ ਜਦ ਸਰਕਾਰ ਬਣ ਜਾਂਦੀ ਹੈ ਤਾਂ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ | ਪਿੰਡ ਬੇਗੋਵਾਲ 'ਚ ਪੀਣ ਵਾਲੇ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੈ | ਸਰਕਾਰ ਨੇ ਪਾਣੀ ਦੀ ਟੈਂਕੀ ਤਾਂ ਲਗਵਾਈ ਹੋਈ ਹੈ, ਪਰ ਉਸ ਵਿਚ ਪਾਣੀ ਨਹੀਂ ਆਉਂਦਾ | ਕਸਬਾ ਬੇਗੋਵਾਲ-ਤਾਰਾਗੜ੍ਹ ਵਿਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸ ਮੇਨ ਕਸਬੇ 'ਚ ਬੱਚਿਆਂ ਦੇ ਖੇਡਣ ਲਈ ਕੋਈ ਵੀ ਸਟੇਡੀਅਮ ਨਹੀਂ ਹੈ ਜਿਸ ਕਾਰਨ ਨੌਜਵਾਨਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਤਾਰਾਗੜ੍ਹ-ਬੇਗੋਵਾਲ ਵਿਚ ਨਾ ਹੀ ਕੋਈ ਸਬ ਤਹਿਸੀਲ ਹੈਂ ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਪਠਾਨਕੋਟ ਜਾਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਮੌਕੇ ਦੀਆਂ ਸਰਕਾਰਾਂ ਨੂੰ ਦੱਸ ਚੁੱਕੇ ਹਾਂ, ਪਰ ਅਜੇ ਤੱਕ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ | ਇਸ ਮੌਕੇ ਸੋਨੰੂ ਠਾਕੁਰ, ਰਘਵੀਰ ਸਿੰਘ, ਬਿੰਦੂ ਬਾਲਾ, ਬਾਲ ਕਿ੍ਸ਼ਨ, ਬਲਵੀਰ ਸਿੰਘ, ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ 'ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਰਾਗੜ੍ਹ-ਬੇਗੋਵਾਲ ਵਿਚ ਸਭ ਤਹਿਸੀਲ ਬਣਾਏਗੀ, ਪਰ ਇਸ ਸਰਕਾਰ ਨੂੰ ਵੀ ਬਣੇ ਹੋਏ ਤਕਰੀਬਨ ਚਾਰ ਸਾਲ ਹੋ ਗਏ ਹਨ ਪਰ ਇਸ ਸਰਕਾਰ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਇਲਾਕਾ ਨਿਵਾਸੀਆਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ | ਇਸ ਸਬੰਧ 'ਚ ਜਦ ਪਿੰਡ ਦੀ ਸਰਪੰਚ ਅਨੀਸ਼ਾ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਕੈਬਨਿਟ ਮੰਤਰੀ ਕਟਾਰੂਚੱਕ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਜਲਦ ਹੀ ਬੱਸ ਸਟੈਂਡ ਜਨਤਕ ਪਖਾਨਾ ਆਦਿ ਬਣਾਉਣ ਲਈ ਗਰਾਂਟ ਜਾਰੀ ਕਰ ਦਿੱਤੀ ਜਾਵੇਗੀ |