ਬਟਾਲਾ, 30 ਜਨਵਰੀ (ਰਾਕੇਸ਼ ਰੇਖੀ)-ਸਵੇਰ ਦੀ ਸੈਰ ਕਰ ਰਹੇ ਵਿਅਕਤੀ ਦੀ ਗੰਨੇ ਨਾਲ ਲੱਦੀ ਟਰੈਕਟਰ-ਟਰਾਲੀ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ | ਪੁਲਿਸ ਨੇ ਇਸ ਸਬੰਧ 'ਚ ਬਣਦੀ ਕਾਰਵਾਈ ਕੀਤੀ ਹੈ | ਜਾਣਕਾਰੀ ਅਨੁਸਾਰ ਜਲੰਧਰ ਰੋਡ 'ਤੇ ਉਜਾਗਰ ਨਗਰ ਦਾ ਰਹਿਣ ਵਾਲਾ ਅਸ਼ਵਨੀ ਕੁਮਾਰ ਸ਼ਰਮਾ (55) ਅਤੇ ਉਸ ਦੀ ਪਤਨੀ ਸੁਧਾ ਸ਼ਰਮਾ ਬੀਤੇ ਦਿਨ ਸਵੇਰੇ 6 ਵਜੇ ਸੈਰ ਕਰਨ ਲਈ ਗਏ ਸਨ | ਕਾਦੀਆਂ ਚੁੰਗੀ ਨੇੜੇ ਜਦੋਂ ਅਸ਼ਵਨੀ ਕੁਮਾਰ ਸੜਕ ਪਾਰ ਕਰ ਰਿਹਾ ਸੀ ਤਾਂ ਗੰਨੇ ਨਾਲ ਲੱਦੀ ਇਕ ਟਰੈਕਟਰ-ਟਰਾਲੀ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਉਹ ਟਰਾਲੀ ਦੇ ਟਾਇਰ ਥੱਲੇ ਆ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਨੇਰਾ ਹੋਣ ਕਰਕੇ ਅਸ਼ਵਨੀ ਕੁਮਾਰ ਨੂੰ ਟਰਾਲੀ ਦਾ ਪਤਾ ਨਹੀਂ ਲੱਗਾ, ਜਿਸ ਕਰਕੇ ਇਹ ਹਾਦਸਾ ਹੋ ਗਿਆ | ਸੂਚਨਾ ਮਿਲਣ 'ਤੇ ਪੁਲਿਸ ਚੌਕੀ ਅਰਬਨ ਅਸਟੇਟ ਦੇ ਏ.ਐੱਸ.ਆਈ. ਜਗਜੀਤ ਸਿੰਘ ਮੌਕੇ 'ਤੇ ਪਹੁੰਚੇ | ਪੁਲਿਸ ਨੇ ਇਸ ਸਬੰਧ ਵਿਚ ਧਾਰਾ 194 ਦੇ ਤਹਿਤ ਕਾਰਵਾਈ ਕੀਤੀ ਹੈ |