ਗੁਰਦਾਸਪੁਰ, 21 ਫਰਵਰੀ (ਚੱਕਰਾਜਾ)-ਗੰਨੇ ਦੀ ਬਹਾਰ ਰੁੱਤ ਦੀ ਬਿਜਾਈ ਲਈ ਫਰਵਰੀ-ਮਾਰਚ ਮਹੀਨਾ ਬਹੁਤ ਢੁਕਵਾਂ ਹੈ ਅਤੇ ਬਿਜਾਈ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਚੋਣ ਕਰਕੇ ਰੋਗ ਰਹਿਤ ਬੀਜ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਵਧੇਰੇ ਪੈਦਾਵਾਰ ਲੈ ਕੇ ਆਮਦਨ 'ਚ ਵਾਧਾ ਕੀਤਾ ਜਾ ਸਕੇ | ਇਸ ਸਬੰਧੀ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੇ ਅਧਿਕਾਰਿਤ ਖੇਤਰ ਦੇ ਪਿੰਡ ਝੇਲਾ ਆਮਦਾਂ ਵਿਖੇ ਗੰਨਾ ਕਾਸ਼ਤਕਾਰ ਗੁਰਦੇਵ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ: ਅਮਰੀਕ ਸਿੰਘ ਗੰਨਾ ਕਮਿਸ਼ਨਰ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲਈ ਅੰਤਰ ਫ਼ਸਲੀ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ ਹੈ | ਉਨ੍ਹਾਂ ਦੱਸਿਆ ਕਿ ਗੰਨੇ ਦੀ ਬਿਜਾਈ ਸਮੇਂ ਪੰਜ ਤਕਨੀਕੀ ਨੁਕਤਿਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦਾਲਾਂ ਦੀ ਪੈਦਾਵਾਰ ਵਿਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘੱਟ ਕੇ 27 ਗ੍ਰਾਮ ਰਹਿ ਗਈ ਹੈ ਜੋ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਅਨੁਸਾਰ ਰੋਜ਼ਾਨਾ ਪ੍ਰਤੀ ਵਿਅਕਤੀ ਖਪਤ 80 ਗ੍ਰਾਮ ਪ੍ਰਤੀ ਵਿਅਕਤੀ ਤੋਂ ਕਾਫੀ ਘੱਟ ਹੈ | ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿਚ ਕਿਸੇ ਸਮੇਂ ਰਿਆੜਕੀ ਦੇ ਇਲਾਕੇ ਦੇ ਮਾਂਹ ਮਸ਼ਹੂਰ ਹੁੰਦੇ ਸਨ | ਪਰ ਕਣਕ ਝੋਨੇ ਦੇ ਫ਼ਸਲੀ ਚੱਕਰ ਅਪਣਾਉਣ ਕਾਰਨ ਇਹ ਫ਼ਸਲ ਅਲੋਪ ਹੋ ਗਈ ਹੈ | ਰਿਆੜਕੀ ਇਲਾਕੇ ਵਿਚ 12-15 ਪਿੰਡ ਅਜਿਹੇ ਹਨ, ਜਿੱਥੋਂ ਦੀ ਮਿੱਟੀ ਤੇ ਪੌਣ-ਪਾਣੀ ਮਾਂਹ ਦੀ ਖੇਤੀ ਲਈ ਮਸ਼ਹੂਰ ਸੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਹੈ | ਉਨ੍ਹਾਂ ਦੱਸਿਆ ਕਿ ਫਰਵਰੀ ਮਾਰਚ 'ਚ ਗੰਨੇ ਦੀ ਫ਼ਸਲ ਦੀਆਂ ਦੋ ਕਤਾਰਾਂ ਵਿਚ ਦੋ ਲਾਈਨਾਂ ਮਾਂਹ 1008 ਜਾਂ 1137 ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ | ਇਸ ਕਿਸਮ ਨੂੰ ਫਲੀਆਂ ਭਰਪੂਰ ਲੱਗਦੀਆਂ ਹਨ, ਇਕਸਾਰ ਪੱਕਦੀਆਂ ਹਨ ਅਤੇ ਇਹ ਤਕਰੀਬਨ 72 ਦਿਨਾਂ ਵਿਚ ਪੱਕ ਜਾਂਦੀ ਹੈ | ਇਸ ਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ | ਉਨ੍ਹਾਂ ਦੱਸਿਆ ਕਿ ਗੰਨੇ ਦੀ ਕਟਾਈ ਕਰਨ ਵਾਲੀਆਂ ਮਸ਼ੀਨਾਂ ਦੀ ਆਮਦ ਨਾਲ ਚੌੜੀ ਵਿੱਥ ਵਿਧੀ ਅਪਣਾ ਕੇ ਗੰਨੇ ਦੀ ਬਿਜਾਈ ਦਾ ਪ੍ਰਚਲਣ ਲਗਾਤਾਰ ਵਧ ਰਿਹਾ ਹੈ ਅਤੇ ਇਸ ਵਿਧੀ ਵਿਚ ਗੰਨੇ ਦੀ ਬਿਜਾਈ 4-5 ਫੁੱਟ ਦੂਰੀ ਦੀਆਂ 20-25 ਸੈਂਟੀ ਮੀਟਰ ਡੂੰਘੀਆਂ ਖਾਲ਼ੀਆਂ ਵਿਚ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਵਿਚ ਬਤੌਰ ਅੰਤਰ ਫ਼ਸਲ ਬੀਜਣ ਲਈ 5 ਕਿਲੋ ਬੀਜ ਪ੍ਰਤੀ ਏਕੜ ਲੋੜੀਂਦਾ ਹੈ ਅਤੇ ਫਰਵਰੀ ਦੇ ਅਖੀਰ ਵਿਚ ਬਿਜਾਈ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਮਾਂਹ ਦੀ ਫ਼ਸਲ ਨੂੰ ਬਹੁਤੇ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ, ਜਿਸ ਕਾਰਨ ਗੰਨੇ ਦੀ ਫ਼ਸਲ ਨੂੰ ਪਾਣੀ ਸਾਵਧਾਨੀ ਨਾਲ ਲਗਾਉਣਾ ਚਾਹੀਦਾ | ਉਨ੍ਹਾਂ ਕਿਹਾ ਕਿ ਮਾਂਹ ਦੀ ਫ਼ਸਲ ਦਾ ਬੀਜ ਲੈਣ ਲਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਾਂ ਖੇਤਰੀ ਖੋਜ ਕੇਂਦਰ ਪੀ ਏ ਯੂ, ਕਿ੍ਸ਼ੀ ਵਿਗਿਆਨ ਕੇਂਦਰਾਂ ਜਾਂ ਪੀ.ਏ.ਯੂ ਲੁਧਿਆਣਾ ਦੀ ਬੀਜਾਂ ਦੀ ਦੁਕਾਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ ਡਾ: ਗੁਰਜੋਤ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਅਤੇ ਡਾ: ਬਿਕਰਮਜੀਤ ਸਿੰਘ ਗੰਨਾ ਵਿਕਾਸ ਅਧਿਕਾਰੀ ਵੀ ਹਾਜ਼ਰ ਸਨ |