ਵਡਾਲਾ ਗ੍ਰੰਥੀਆਂ, 23 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਦੇ ਹੋਣਹਾਰ ਵਿਦਿਆਰਥੀ ਸੁਖਮਨ ਸਿੰਘ ਨੇ ਭਾਰਤ ਸਰਕਾਰ ਦੇ ਖੇਡ ਤੇ ਯੁਵਾ ਵਿਭਾਗ ਦੀ ਅਗਵਾਈ ਹੇਠ ਇੰਟਰਨੈਸ਼ਨਲ ਪਾਵਰਲਿਫ਼ਟਿੰਗ ਫ਼ੈਡਰੇਸ਼ਨ ਤੇ ਪਾਵਰਲਿਫਟਿੰਗ ਐਸੋਸੀਏਸ਼ਨ ਪੰਜਾਬ ਵਲੋਂ ਬੀਤੇ ਦਿਨੀਂ ਬਠਿੰਡਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ 74 ਕਿਲੋਗ੍ਰਾਮ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਗੁਰਦਾਸਪੁਰ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਅੱਜ ਸਕੂਲ ਪਹੁੰਚਣ 'ਤੇ ਵਿਦਿਆਰਥੀ ਸੁਖਮਨ ਸਿੰਘ ਅਤੇ ਉਨ੍ਹਾਂ ਦੇ ਮਾਪਿਆਂ ਦਾ ਪਿ੍ੰਸੀਪਲ ਸ੍ਰੀ ਰਾਮ ਲਾਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸ੍ਰੀ ਰਾਮ ਲਾਲ ਨੇ ਵਿਦਿਆਰਥੀ ਸੁਖਮਨ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਲਗਾਤਾਰ ਉੱਚ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮਿਹਨਤ, ਅਨੁਸ਼ਾਸਨ ਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ | ਸੁਖਮਨ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ | ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਵੀ ਸੁਖਮਨ ਸਿੰਘ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਰਾਸ਼ਟਰੀ ਪੱਧਰ 'ਤੇ ਵੀ ਸੋਨੇ ਦਾ ਤਮਗਾ ਜਿੱਤਣ ਦੀ ਕਾਮਨਾ ਕੀਤੀ |