ਪਠਾਨਕੋਟ, 9 ਮਾਰਚ (ਸੁਮਿਤ)- ਇਨ੍ਹੀਂ ਦਿਨੀਂ ਪਠਾਨਕੋਟ ਬੱਸ ਸਟੈਂਡ 'ਤੇ ਫੂਡ ਸੇਫ਼ਟੀ ਨਿਯਮਾਂ ਦੀ ਸ਼ਰੇਆਮ ਅਣਦੇਖੀ ਕੀਤੀ ਜਾ ਰਹੀ ਹੈ | ਕਈ ਦੁਕਾਨਦਾਰ ਬੱਸ ਸਟੈਂਡ 'ਤੇ ਖੁੱਲ੍ਹੇ 'ਚ ਖਾਣ-ਪੀਣ ਦਾ ਸਮਾਨ ਵੇਚ ਰਹੇ ਹਨ, ਜਿਸ ਨਾਲ ਸਵਾਰੀਆਂ ਦੀ ਸਿਹਤ ਲਈ ਖ਼ਤਰਾ ਬਣਿਆ ਹੈ | ਖੁੱਲ੍ਹੇ 'ਚ ਰੱਖੀਆਂ ਖਾਣ-ਪੀਣ ਵਾਲੀਆਂ ਵਸਤੂਆਂ 'ਤੇ ਧੂੜ, ਗੰਦਗੀ ਅਤੇ ਕੀੜੇ-ਮਕੌੜੇ ਦਿਖਾਈ ਦੇ ਰਹੇ ਹਨ ਜਿਸ ਕਾਰਨ ਇਨ੍ਹਾਂ ਚੀਜ਼ਾਂ ਦੀ ਗੁਣਵੱਤਾ ਅਤੇ ਸਫ਼ਾਈ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਬੱਸ ਸਟੈਂਡ 'ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਂਦੇ-ਜਾਂਦੇ ਹਨ, ਲੰਬੇ ਸਫ਼ਰ ਦੌਰਾਨ ਯਾਤਰੀਆਂ ਨੂੰ ਉੱਥੇ ਮੌਜੂਦ ਖਾਣ-ਪੀਣ ਦੀਆਂ ਚੀਜ਼ਾਂ 'ਤੇ ਨਿਰਭਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ਪਰ ਜਦੋਂ ਇਨ੍ਹਾਂ ਭੋਜਨਾਂ ਨੂੰ ਖੁੱਲ੍ਹੇ ਵਿਚ ਰੱਖਿਆ ਜਾਂਦਾ ਹੈ ਤਾਂ ਇਨ੍ਹਾਂ ਨੂੰ ਖਾਣ ਨਾਲ ਲੋਕਾਂ ਦੇ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ | ਕਈ ਯਾਤਰੀਆਂ ਨੇ ਇਸ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਯਾਤਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰ ਸਮੋਸੇ, ਪਕੌੜੇ, ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਬਿਨਾਂ ਢੱਕਣ ਤੋਂ ਵੇਚ ਰਹੇ ਹਨ | ਇਨ੍ਹਾਂ ਦੇ ਆਲੇ-ਦੁਆਲੇ ਮੱਖੀਆਂ ਗੂੰਜਦੀਆਂ ਰਹਿੰਦੀਆਂ ਹਨ ਤੇ ਸੜਕ ਤੋਂ ਉੱਡਦੀ ਧੂੜ ਵੀ ਇਨ੍ਹਾਂ ਚੀਜ਼ਾਂ 'ਤੇ ਡਿਗਦੀ ਹੈ | ਅਜਿਹੇ 'ਚ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਪੇਟ ਸੰਬੰਧੀ ਬਿਮਾਰੀਆਂ ਫੈਲਣ ਦਾ ਖ਼ਤਰਾ ਰਹਿੰਦਾ ਹੈ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਤੇ ਫੂਡ ਸੇਫ਼ਟੀ ਅਫ਼ਸਰ ਡਾ: ਪੁਨੀਤ ਜਾਮਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ਤੇ ਸਵਾਰੀਆਂ ਦੀ ਸਿਹਤ ਨੂੰ ਪਹਿਲ ਦੇਣ ਦੇ ਨਿਰਦੇਸ਼ ਦਿੱਤੇ ਹਨ ਤਾਂ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਭੋਜਨ ਮਿਲ ਸਕੇ |