ਪਠਾਨਕੋਟ, 11 ਮਾਰਚ (ਸੰਧੂ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਪੀ.ਐਮ. ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਹੇ ਲਾਭਪਾਤਰੀ ਕਿਸਾਨਾਂ ਨੂੰ ਆਪਣੀਆਂ ਕਿਸ਼ਤਾਂ ਨੂੰ ਜਾਰੀ ਰੱਖਣ ਲਈ ਕੇਂਦਰੀ ਕਿਸਾਨ ਰਜਿਸਟਰੀ ਸਿਸਟਮ ਤਹਿਤ ਫਾਰਮਰ ਰਜਿਸਟਰੀ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ | ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਡਾ: ਜਗੀਰ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਹੇ ਕਿਸਾਨਾਂ ਨੂੰ ਰਜਿਸਟਰੇਸ਼ਨ ਆਈ.ਡੀ. ਬਣਾਉਣ ਲਈ ਐਗਰੀਸਟੈਕ ਪੋਰਟਲ 'ਤੇ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ | ਉਨ੍ਹਾਂ ਦੱਸਿਆ ਕਿ ਫਾਰਮਰ ਰਜਿਟਰੀ ਦਾ ਮੁੱਖ ਮੰਤਵ ਕਿਸਾਨਾਂ ਦਾ ਇਕ ਕੇਂਦਰਿਤ ਡਾਟਾਬੇਸ ਤਿਆਰ ਕਰਨਾ ਹੋਵੇਗਾ ਤਾਂ ਜੋ ਸਰਕਾਰ ਦੀਆਂ ਕਿਸਾਨ ਪੱਖੀ ਸਕੀਮਾਂ ਦਾ ਲਾਭ ਅਸਲੀ ਕਿਸਾਨ ਤੱਕ ਸਿੱਧੇ ਤੇ ਪਾਰਦਰਸ਼ੀ ਤਰੀਕੇ ਨਾਲ ਪਹੁੰਚ ਸਕੇ | ਉਨ੍ਹਾਂ ਕਿਹਾ ਕਿ ਭਵਿੱਖ 'ਚ ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਉਨ੍ਹਾਂ ਲਾਭਪਾਤਰੀ ਕਿਸਾਨਾਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ ਆਪਣੀ ਰਜਿਸਟੇ੍ਰਸ਼ਨ ਮੁਕੰਮਲ ਕਰਕੇ ਫਾਰਮਰ ਆਈ.ਡੀ. ਪ੍ਰਾਪਤ ਕੀਤੀ ਹੋਵੇਗੀ | ਹਰੇਕ ਰਜਿਸਟਰਡ ਲਾਭਪਾਤਰੀ ਨੂੰ ਇਕ ਵਿਲੱਖਣ ਪਹਿਚਾਣ ਨੰਬਰ ਮਿਲੇਗਾ, ਜੋ ਉਨ੍ਹਾਂ ਦੇ ਮੌਜੂਦਾ ਪੀ.ਐਮ. ਕਿਸਾਨ ਅਕਾਊਾਟ ਨਾਲ ਲਿੰਕ ਕੀਤਾ ਜਾਵੇਗਾ ਤਾਂ ਜੋ ਵੈਰੀਫਿਕੇਸ਼ਨ ਤੇ ਜ਼ਮੀਨ ਦੇ ਰਿਕਾਰਡ ਦੀ ਪ੍ਰਮਾਣਤਾ ਨੂੰ ਸੁਖਾਲਾ ਬਣਾਇਆ ਜਾ ਸਕੇ | ਡਾ: ਜਗੀਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੋ ਕਿਸਾਨ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਮੁਕੰਮਲ ਕਰਨ 'ਚ ਅਸਫਲ ਰਹਿਣਗੇ | ਉਨ੍ਹਾਂ ਦੀਆਂ ਭਵਿੱਖ 'ਚ ਆਉਣ ਵਾਲੀਆਂ ਕਿਸ਼ਤਾਂ 'ਤੇ ਰੋਕ ਲੱਗ ਸਕਦੀ ਹੈ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਲਾਭਪਾਤਰੀ ਕਿਸਾਨ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਵਿਖੇ ਆਪਣਾ ਆਧਾਰ ਕਾਰਡ ਲੈ ਕੇ ਜਾਣ 'ਤੇ ਬਿਨਾਂ ਦੇਰੀ ਦੇ ਰਜਿਸਟ੍ਰੇਸ਼ਨ ਕਰਵਾਉਣ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵਲੋਂ ਵੀ ਵੱਖ-ਵੱਖ ਬਲਾਕਾਂ 'ਚ ਕਾਮਨ ਸਰਵਿਸ ਸੈਂਟਰ ਨਾਲ ਰਾਬਤਾ ਕਰਕੇ ਪਿੰਡ ਪੱਧਰੀ ਕੈਂਪ ਲਗਾਏ ਜਾ ਰਹੇ ਹਨ | ਕਿਸਾਨ ਹੋਰ ਮਦਦ ਲਈ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਵਿਚ ਜਾ ਕੇ ਇਸ ਬਾਰੇ ਜਾਣਕਾਰੀ ਲੈ ਸਕਦੇ ਹਨ |