ਗੁਰਦਾਸਪੁਰ, 11 ਮਾਰਚ (ਗੁਰਪ੍ਰਤਾਪ ਸਿੰਘ)- ਅੱਜ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਵਿਧਾਨ ਸਭਾ 'ਚ ਆਪਣੇ ਹਲਕੇ ਨਾਲ ਸਬੰਧਿਤ ਕਈ ਮਹੱਤਵਪੂਰਨ ਮੁੱਦੇ ਚੁੱਕੇ ਗਏ | ਉਨ੍ਹਾਂ ਹਲਕੇ ਵਿਚ ਸਿਹਤ ਸੰਭਾਲ ਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਤੇ ਇਨ੍ਹਾਂ 'ਚ ਸੁਧਾਰ ਦੀ ਮੰਗ ਕੀਤੀ | ਉਨ੍ਹਾਂ ਵਲੋਂ ਗੁਰਦਾਸਪੁਰ ਵਿਚ ਹੋਏ ਗ੍ਰਨੇਡ ਧਮਾਕੇ ਦੌਰਾਨ ਜ਼ਖਮੀ ਹੋਏ ਲੋਕਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ | ਵਿਧਾਇਕ ਪਾਹੜਾ ਨੇ ਕਿਹਾ ਕਿ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਚਾਰ ਸਾਲ ਪਹਿਲਾਂ 25 ਲੱਖ ਦੀ ਲਾਗਤ ਨਾਲ ਲਗਾਇਆ ਗਿਆ ਆਕਸੀਜਨ ਪਲਾਂਟ ਹੁਣ ਸੇਵਾ ਤੋਂ ਬਾਹਰ ਹੈ ਤੇ ਸਾਰੀ ਆਕਸੀਜਨ ਬਾਹਰੋਂ ਖ਼ਰੀਦੀ ਜਾ ਰਹੀ ਹੈ | ਸਿਵਲ ਹਸਪਤਾਲ 'ਚ ਆਈ.ਸੀ.ਯੂ ਜਾਂ ਵੈਂਟੀਲੇਟਰ ਦੀ ਸੁਵਿਧਾ ਨਹੀਂ ਹੈ | ਉਨ੍ਹਾਂ ਕਿਹਾ ਕਿ ਘੱਟੋ ਘੱਟ ਜ਼ਿਲ੍ਹਾ ਹੈੱਡ ਕੁਆਰਟਰ ਸਥਿਤ ਸਾਰੇ ਹਸਪਤਾਲਾਂ ਵਿਚ ਇਹ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਚ ਕੂੜੇ ਲਈ ਜਗ੍ਹਾ ਉਪਲਬਧ ਹੋਣ ਦੇ ਬਾਵਜੂਦ ਉੱਥੇ ਕੂੜਾ ਸੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਦਾ ਇੱਕੋ ਇਕ ਕਸੂਰ ਇਹ ਹੈ ਕਿ ਉਹ ਵਿਰੋਧੀ ਪਾਰਟੀ ਨਾਲ ਸਬੰਧਿਤ ਹਨ ਅਤੇ ਸਾਰੇ 29 ਕੌਂਸਲਰ ਉਨ੍ਹਾਂ ਦੀ ਪਾਰਟੀ ਨਾਲ ਸਬੰਧਿਤ ਹਨ | ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਢਾਈ ਸਾਲਾ ਤੋਂ ਕੂੜਾ ਸੁੱਟਣ ਦਾ ਨਿੱਜੀ ਤੌਰ 'ਤੇ ਪ੍ਰਬੰਧ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਜੇਕਰ ਐਨ.ਜੀ.ਟੀ ਗੁਰਦਾਸਪੁਰ ਨਗਰ ਕੌਂਸਲ ਨੂੰ ਕੂੜੇ ਲਈ ਜੁਰਮਾਨਾ ਕਰਦਾ ਹੈ, ਜਿਵੇਂ ਕਿ ਇਸ ਨੇ ਦੀਨਾਨਗਰ ਨਗਰ ਕੌਂਸਲ ਨੂੰ ਕੀਤਾ ਸੀ ਤਾਂ ਇਸ ਦੀ ਜ਼ਿੰਮੇਵਾਰੀ ਡੀ.ਸੀ. ਗੁਰਦਾਸਪੁਰ, ਮੰਤਰੀ ਤੇ ਸਰਕਾਰ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰਦੀ ਹੈ ਕਿ 117 ਹਲਕਿਆਂ ਦੇ ਵਿਧਾਇਕਾਂ ਨੂੰ ਵਿਕਾਸ ਕਾਰਜਾਂ ਲਈ 5-5 ਕਰੋੜ ਰੁਪਏ ਦਿੱਤੇ ਗਏ ਹਨ, ਜਦੋਂ ਕਿ ਉਨ੍ਹਾਂ ਦੇ ਹਲਕੇ ਨੂੰ ਇਕ ਪੈਸਾ ਵੀ ਨਹੀਂ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਵਿਚ ਵੱਡੇ ਪੱਧਰ 'ਤੇ ਅਪਰਾਧ ਹੋ ਰਹੇ ਹਨ | ਜਦੋਂ ਕਿ ਸਰਕਾਰ ਇਸ ਸਬੰਧੀ ਕੁਝ ਵੀ ਨਹੀਂ ਕਰ ਰਹੀ |