ਦੀਨਾਨਗਰ, 11 ਮਾਰਚ (ਸ਼ਾਮ ਸਿੰਘ ਘੁੰਮਣ)- ਦੀਨਾਨਗਰ ਸਬ ਤਹਿਸੀਲ ਵਿਖੇ ਪਲਾਟਾਂ ਦੀਆਂ ਰਜਿਸਟਰੀਆਂ ਨਾ ਹੋਣ ਤੋਂ ਨਾਰਾਜ਼ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀਨਾਨਗਰ ਨੇ ਵਪਾਰ ਮੰਡਲ ਦੇ ਸਹਿਯੋਗ ਨਾਲ ਅੱਜ ਤਹਿਸੀਲ ਦਫ਼ਤਰ ਵਿਖੇ ਨਾਇਬ ਤਹਿਸੀਲਦਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ | ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੀਨਾਨਗਰ ਸਬ ਤਹਿਸੀਲ ਦਫ਼ਤਰ ਵਿਖੇ ਨਾਇਬ ਤਹਿਸੀਲਦਾਰ ਵਲੋਂ ਪਲਾਟਾਂ ਦੀਆਂ ਰਜਿਸਟਰੀਆਂ ਨਾ ਕਰਕੇ ਗ਼ਰੀਬ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ | ਸਿਰਫ਼ ਦੀਨਾਨਗਰ ਤਹਿਸੀਲ ਅੰਦਰ ਹੀ ਰਜਿਸਟਰੀਆਂ ਨਹੀਂ ਕੀਤੀਆਂ ਜਾ ਰਹੀਆਂ | ਜਦੋਂ ਕਿ ਆਲੇ ਦੁਆਲੇ ਦੀਆਂ ਤਹਿਸੀਲਾਂ ਅੰਦਰ ਬਿਨਾਂ ਕਿਸੇ ਰੋਕ ਟੋਕ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ | ਬੁਲਾਰਿਆਂ ਨੇ ਕਿਹਾ ਕਿ ਦੀਨਾਨਗਰ ਖੇਤਰ ਦੇ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਪਣਾ ਪਲਾਟ ਵੇਚਣਾ ਚਾਹਿਆ ਤੇ ਕਿਸੇ ਦੂਜੀ ਪਾਰਟੀ ਨਾਲ ਬਿਆਨਾ ਕਰ ਲਿਆ ਪਰ ਰਜਿਸਟਰੀਆਂ ਨਾ ਹੋਣ ਕਾਰਨ ਹੁਣ ਉਹ ਲੋਕ ਕਸੂਤੇ ਫਸੇ ਹੋਏ ਹਨ | ਇਸ ਲਈ ਲੋਕਾਂ ਨੂੰ ਬਿਨਾਂ ਕਿਸੇ ਰੋਕ ਟੋਕ ਰਜਿਸਟਰੀਆਂ ਕਰਕੇ ਦਿੱਤੀਆਂ ਜਾਣ | ਦੂਜੇ ਪਾਸੇ ਇਸ ਸਬੰਧੀ ਜਦੋਂ ਦੀਨਾਨਗਰ ਦੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਦੇ ਦਸਤਾਵੇਜ਼ ਮੁਕੰਮਲ ਹਨ, ਉਨ੍ਹਾਂ ਦੀਆਂ ਰਜਿਸਟਰੀਆਂ ਰੋਜ਼ਾਨਾ ਕੀਤੀਆਂ ਜਾ ਰਹੀਆਂ ਹਨ ਪਰ ਜਿਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਦੇ ਦਸਤਾਵੇਜ਼ ਮੁਕੰਮਲ ਨਹੀਂ ਹਨ, ਉਨ੍ਹਾਂ ਲਈ ਉਹ ਸਰਕਾਰ ਦੇ ਨਿਯਮਾਂ ਖ਼ਿਲਾਫ਼ ਨਹੀਂ ਜਾ ਸਕਦੇ | ਇਸ ਲਈ ਉਹ ਲੋਕ ਵੀ ਆਪਣੇ ਦਸਤਾਵੇਜ਼ ਮੁਕੰਮਲ ਕਰ ਕੇ ਲਿਆਉਣ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅੰਸ਼ੂ ਮਹਾਜਨ, ਅਨਿਲ ਚਪਾਟਾ, ਆਤਿਸ਼ ਮਹਾਜਨ, ਵਾਸੂ ਮਹਾਜਨ, ਭਾਜਪਾ ਦੇ ਸ਼ਹਿਰੀ ਮੰਡਲ ਪ੍ਰਧਾਨ ਰਕੇਸ਼ ਮਹਾਜਨ, ਗੁਲਸ਼ਨ ਕੁਮਾਰ, ਰਾਜੀਵ ਕੁਮਾਰ, ਗੌਰਵ ਮਹਾਜਨ, ਨਿਰਮਲ ਸਿੰਘ ਨਿੰਮਾ, ਰਜੇਸ਼ ਕੁਮਾਰ, ਸਾਹਿਲ ਮਹਾਜਨ ਤੇ ਰਾਜੂ ਮਹਾਜਨ ਦੇ ਇਲਾਵਾ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹੋਰ ਵੀ ਲੋਕ ਹਾਜ਼ਰ ਸਨ |