ਅਲੀਵਾਲ, 27 ਮਾਰਚ (ਸੁੱਚਾ ਸਿੰਘ ਬੁੱਲੋਵਾਲ)- ਪੰਜਾਬ ਸਰਕਾਰ ਨੇ ਪੰਜਾਬ 'ਚ ਖੇਡਾਂ ਨੂੰ ਪ੍ਰਫ਼ੁੱਲਤ ਕਰਨ ਲਈ ਰਿਕਾਰਡਤੋੜ 1791 ਕਰੋੜ ਰੁਪਏ ਦਾ ਖੇਡਾਂ ਲਈ ਬਜਟ ਰੱਖਿਆ ਹੈ, ਜਿਸ ਨਾਲ ਖੇਡ ਜਗਤ ਵਿਚ ਕ੍ਰਾਂਤੀ ਆਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰੀ ਚੈਂਪੀਅਨਸ਼ਿਪ ਹਾਕੀ ਟਰਾਫ਼ੀ ਕਰਵਾਈ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਬੱਚਿਆਂ ਵਿਚ ਹਾਕੀ ਲਈ ਨਵਾਂ ਜਜ਼ਬਾ ਤੇ ਜੋਸ਼ ਪੈਦਾ ਕਰਨ ਵਾਲਾ ਵੱਡਾ ਮੰਚ ਹੋਵੇਗਾ | ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਲੱਖਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਗਿਆ ਹੈ | ਉਨ੍ਹਾਂ ਕਿਹਾ ਕਿ 3100 ਖੇਡ ਮੈਦਾਨ ਬਣਾਏ ਜਾ ਰਹੇ ਹਨ, ਇਨ੍ਹਾਂ ਖੇਡ ਮੈਦਾਨਾਂ ਲਈ 2458 ਕੋਚ ਰੱਖੇ ਜਾ ਰਹੇ ਹਨ | ਇਨ੍ਹਾਂ ਕੋਚਾਂ ਵਿਚ 48 ਉਨ੍ਹਾਂ ਖਿਡਾਰੀਆਂ ਨੂੰ ਨੌਕਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਖੇਡ ਜਗਤ 'ਚ ਮੱਲ੍ਹਾਂ ਮਾਰੀਆਂ ਹਨ | ਪਿੰਡਾਂ 'ਚ ਅਲੋਪ ਹੋ ਰਹੀਆਂ ਖੇਡਾਂ ਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਪੇਂਡੂ ਖੇਡ ਮੇਲਿਆਂ ਦੀ ਸ਼ਾਨ ਬੈਲ ਗੱਡੀਆਂ ਦੀ ਦੌੜ ਦੀ ਮੁੜ ਸ਼ੁਰੂਆਤ ਕੀਤੀ ਜਾ ਰਹੀ ਹੈ | ਚੇਅਰਮੈਨ ਪੰਨੂੰ ਨੇ ਕਿਹਾ ਕਿ ਨੌਜਵਾਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ 3000 ਨਵੀਆਂ ਜਿੰਮ ਖੋਲੀਆਂ ਜਾ ਰਹੀਆਂ ਹਨ, ਪੰਜਾਬ ਨੂੰ ਖੇਡਾਂ ਵਿਚ ਨੰਬਰ ਇਕ 'ਤੇ ਲਿਆਉਣਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਦਾ ਭਵਿੱਖ ਮਜ਼ਬੂਤ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਹੈ |