21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

'ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਨ ਬਚਾਓ' ਦੇ ਉਦੇਸ਼ ਨਾਲ ਕਿਸਾਨ ਮੇਲਾ ਲਗਾਇਆ

Ad Position 21
No active advertisement
ਅਜੀਤ ਡੈਸਕ 28-03-2026
ਗੁਰਦਾਸਪੁਰ, 27 ਮਾਰਚ (ਚੱਕਰਾਜਾ)- ਪੀ.ਏ.ਯੂ. ਦੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਖੇਤਰੀ ਖੋਜ ਕੇਂਦਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ | ਇਸ ਮੇਲੇ 'ਚ ਸਿਵਲ ਸਪਲਾਈ ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੇਲੇ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕੀਤੀ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਮਨ ਬਹਿਲ, ਪੰਜਾਬ ਦੇ ਗੰਨਾ ਕਮਿਸ਼ਨਰ ਡਾ: ਅਮਰੀਕ ਸਿੰਘ ਤੇ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਮੇਲਾ ਖੇਤੀ ਗਿਆਨ ਪ੍ਰਸਾਰ ਦਾ ਮੌਕਾ ਹੈ | ਖੇਤੀ ਵਿਗਿਆਨੀਆਂ ਵਲੋਂ ਕੀਤੀਆਂ ਖੋਜਾਂ ਕਿਸਾਨਾਂ ਤੱਕ ਲਿਆ ਕੇ ਆਮ ਕਿਸਾਨ ਦੀਆਂ ਮੁਸ਼ਕਿਲਾਂ ਦੇ ਹੱਲ ਵੱਲ ਪਹਿਲਕਦਮੀ ਕਰਨੀ ਇਨ੍ਹਾਂ ਮੇਲਿਆਂ ਦਾ ਮੰਤਵ ਹੈ | ਉਨ੍ਹਾਂ ਨੇ ਕਿਸਾਨ ਨੂੰ ਖੋਜ ਦਾ ਕੇਂਦਰੀ ਨੁਕਤਾ ਕਹਿੰਦਿਆਂ ਉਸ ਨੰੂ ਕੁਦਰਤ ਦਾ ਰਖਵਾਲਾ ਅਤੇ ਧਰਤੀ ਪੁੱਤਰ ਹੋਣ ਦਾ ਦਰਜਾ ਦਿੱਤਾ |
ਉਨ੍ਹਾਂ ਨੇ ਕਿਸਾਨਾਂ ਨੂੰ ਵਿਗਿਆਨਿਕ ਤਕਨਾਲੋਜੀ ਅਪਣਾ ਕੇ ਖੇਤੀ ਨੂੰ ਕਾਰੋਬਾਰ 'ਚ ਵਧਾਉਣ ਦਾ ਹੋਕਾ ਦਿੱਤਾ |
ਉਨ੍ਹਾਂ ਕਿਹਾ ਕਿ ਕੁਦਰਤ ਨੂੰ ਆਪਣੇ ਮੂਲ ਸਰੋਤ ਵਜੋਂ ਬਰਕਰਾਰ ਰੱਖਣ ਲਈ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਖੇਤੀ ਖੋਜ ਦੇ ਵਿਕਾਸ ਅਤੇ ਭਰਪੂਰਤਾ ਲਈ ਸਰਕਾਰੀ ਵਚਨਬੱਧਤਾ ਨੂੰ ਦੁਹਰਾਇਆ | ਕੈਬਨਿਟ ਮੰਤਰੀ ਕਟਾਰੂਚੱਕ ਨੇ ਖੇਤੀ ਜੰਗਲਾਤ ਨੂੰ ਪ੍ਰਫੁੱਲਿਤ ਕਰਨ ਲਈ 'ਜ਼ਾਇਕਾ' ਨਾਂਅ ਦੀ ਯੋਜਨਾ ਕੰਢੀ ਖੇਤਰ 'ਚ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ | ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਨ ਬਚਾਓ' ਰੱਖਿਆ ਗਿਆ ਹੈ | ਵਾਈਸ ਚਾਂਸਲਰ ਨੇ ਪੀ.ਏ.ਯੂ. ਦੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾ ਕੇ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਉੱਪਰ ਪਹਿਰਾ ਦੇਣ ਲਈ ਕਿਸਾਨਾਂ ਨੂੰ ਅਪੀਲ ਕੀਤੀ | ਨਾਲ ਹੀ ਉਨ੍ਹਾਂ ਨੇ ਇਸ ਖੇਤਰ ਨੂੰ ਗੰਨਾ ਕਾਸ਼ਤ ਦਾ ਗੜ੍ਹ ਕਹਿੰਦਿਆਂ ਪੀ.ਏ.ਯੂ. ਦੀਆਂ ਗੰਨੇ ਦੀਆਂ ਕਿਸਮਾਂ ਬੀਜਣ ਲਈ ਕਿਹਾ | ਉਨ੍ਹਾਂ ਨੇ ਹੜ੍ਹਾਂ ਨਾਲ ਆਏ ਗੈਰ ਖੇਤਰੀ ਨਦੀਨਾਂ ਬਾਰੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਨੂੰ ਇਸ ਸਬੰਧੀ ਪੀ.ਏ.ਯੂ ਮਾਹਿਰਾਂ ਨਾਲ ਸੰਪਰਕ ਕਰਨ ਲਈ ਕਿਹਾ | ਪੀ.ਏ.ਯੂ ਦੇ ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਕਿਹਾ ਕਿ ਵੱਧ ਉਤਪਾਦਨ ਦੇ ਨਾਲ ਗੁਣਵੱਤਾ ਦਾ ਦੌਰ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਪੀ.ਏ.ਯੂ. ਨੇ ਹੁਣ ਤੱਕ 991 ਤੋਂ ਵੱਧ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਜਾਰੀ ਕੀਤੀਆਂ ਹਨ | ਇਸੇ ਤਰ੍ਹਾਂ ਮੱਕੀ ਦੀ ਕਿਸਮ ਐਨ.ਕੇ. 7328 ਦਾ ਜ਼ਿਕਰ ਵੀ ਨਿਰਦੇਸ਼ਕ ਖੋਜ ਨੇ ਵਿਸ਼ੇਸ਼ ਰੂਪ ਵਿਚ ਕੀਤਾ | ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੱਖਣ ਸਿੰਘ ਭੁੱਲਰ ਨੇ ਕਹੇ | ਡਾ: ਭੁੱਲਰ ਨੇ ਕਿਹਾ ਕਿ ਇਸ ਇਲਾਕੇ ਨੂੰ ਵਰਦਾਨ ਹੈ ਕਿ ਬਾਸਮਤੀ ਦੀ ਮਹਿਕ ਲਈ ਐਨ ਢੁਕਵਾਂ ਵਾਤਾਵਰਨ ਇਥੇ ਮੌਜੂਦ ਹੈ | ਗੰਨਾ ਕਮਿਸ਼ਨਰ ਡਾ: ਅਮਰੀਕ ਸਿੰਘ ਨੇ ਗੁਰਦਾਸਪੁਰ ਖੇਤਰ 'ਚ ਗੰਨੇ ਦੀ ਕਾਸ਼ਤ ਦੀਆਂ ਸਥਿਤੀਆਂ ਸਾਂਝੀਆਂ ਕੀਤੀਆਂ | ਇਨੋਵੇਟਿਵ ਫਾਰਮਰਜ਼ ਗਰੁੱਪ ਦੇ ਗੁਰਵਿੰਦਰ ਸਿੰਘ ਬਾਜਵਾ ਨੇ ਹੜ੍ਹਾਂ ਦੌਰਾਨ ਪੈਦਾ ਹੋਏ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਉਸ ਮੌਕੇ ਪੀ.ਏ.ਯੂ. ਵਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਇਸ ਸੰਸਥਾ ਦਾ ਧੰਨਵਾਦ ਕੀਤਾ | ਇਸ ਮੌਕੇ ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਲਾਲੀ ਚੀਮਾ ਵੀ ਮੌਜੂਦ ਸਨ | ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਆਖ਼ਰ ਵਿਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਦੇ ਉਪ ਨਿਰਦੇਸ਼ਕ ਡਾ: ਹਰਪਾਲ ਸਿੰਘ ਰੰਧਾਵਾ ਨੇ ਕਹੇ | ਪੀ.ਏ.ਯੂ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ | ਮੇਲੇ ਦੌਰਾਨ ਵੱਖ-ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ.ਏ.ਯੂ. ਦੇ ਵਿਭਾਗਾਂ ਤੇ ਖੇਤੀਬਾੜੀ ਵਿਭਾਗ ਵਲੋਂ ਸਟਾਲ ਲਗਾਏ ਗਏ ਸਨ | ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਬਾਰੇ ਪੀ.ਏ.ਯੂ. ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ 1791 ਕਰੋੜ ਦੇ ਖੇਡ ਬਜਟ ਨਾਲ ਆਵੇਗੀ ਵੱਡੀ ਕ੍ਰਾਂਤੀ : ਬਲਬੀਰ ਸਿੰਘ ਪੰਨੂੰ
Ad Position 24