ਬਟਾਲਾ, 27 ਮਾਰਚ (ਸਤਿੰਦਰ ਸਿੰਘ)- ਸਥਾਨਕ ਗੁਰੂ ਨਾਨਕ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਅੱਜ ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਕਾਲਜ ਕੈਂਪਸ ਵਿਚ ਇਕ ਵਿਸ਼ੇਸ਼ ਨੁੱਕੜ ਨਾਟਕ 'ਗਿੱਲੀ ਮਿੱਟੀ' ਦਾ ਸਫ਼ਲ ਮੰਚਨ ਕਰਵਾਇਆ ਗਿਆ | ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਪੇਸ਼ ਕੀਤੇ ਗਏ ਇਸ ਨਾਟਕ ਨੇ ਜਿੱਥੇ ਦਰਸ਼ਕਾਂ ਨੂੰ ਕੀਲ੍ਹ ਕੇ ਰੱਖਿਆ ਉੱਥੇ ਹੀ ਸਮਾਜ ਵਿਚ ਫ਼ੈਲੀਆਂ ਅਲਾਮਤਾਂ ਬਾਰੇ ਗੰਭੀਰ ਸੁਨੇਹਾ ਵੀ ਦਿੱਤਾ | ਨਾਟਕਕਾਰ ਤੇ ਨਿਰਦੇਸ਼ਕ ਗੁਰਮੇਲ ਸ਼ਾਮ ਨਗਰ ਦੁਆਰਾ ਲਿਖੇ ਤੇ ਨਿਰਦੇਸ਼ਿਤ ਕੀਤੇ ਗਏ ਇਸ ਨਾਟਕ ਵਿਚ ਕਿਸ਼ੋਰ ਅਤੇ ਜਵਾਨ ਹੋ ਰਹੀ ਪੀੜ੍ਹੀ ਦੀ ਮਾਨਸਿਕਤਾ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਬਾਖ਼ੂਬੀ ਚਿਤਰਿਆ ਗਿਆ | ਨਾਟਕ ਵਿਚ ਦਿਖਾਇਆ ਗਿਆ ਕਿ ਕਿਵੇਂ ਅੱਜ ਦੀ ਲੱਚਰ, ਹਿੰਸਕ ਤੇ ਨਸ਼ੇੜੀ ਗਾਇਕੀ ਨੌਜਵਾਨਾਂ ਨੂੰ ਗੰੁਮਰਾਹ ਕਰ ਰਹੀ ਹੈ | ਨਾਟਕ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਬੱਚੇ 'ਗਿੱਲੀ ਮਿੱਟੀ' ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਜਿਸ ਰੂਪ ਵਿਚ ਚਾਹੇ ਢਾਲਿਆ ਜਾ ਸਕਦਾ ਹੈ | ਇਸ ਪ੍ਰਕਿਰਿਆ ਵਿਚ ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ | ਕਾਲਜ ਪਿ੍ੰਸੀਪਲ ਡਾ. ਚਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਵਧੀਆ ਤੇ ਪ੍ਰਭਾਵਸ਼ਾਲੀ ਨੁੱਕੜ ਨਾਟਕ ਕਰਵਾਉਣੇ ਚਾਹੀਦੇ ਹਨ ਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ | ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ, ਡਾ. ਹਰਮੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਸ਼ਹਿਬਾਜਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ ਹਾਜ਼ਰ ਸਨ | ਅੰਤ ਵਿਚ ਕਾਲਜ ਪ੍ਰਬੰਧਕਾਂ ਵਲੋਂ ਲੋਕ ਕਲਾ ਮੰਚ ਮਜੀਠਾ ਦੀ ਪੂਰੀ ਟੀਮ ਤੇ ਗੁਰਮੇਲ ਸ਼ਾਮ ਨਗਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ |