ਗੁਰਦਾਸਪੁਰ, 27 ਮਾਰਚ (ਪੰਕਜ ਸ਼ਰਮਾ)- ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਅਤੇ ਲਾਕ ਡਾਊਨ ਲੱਗਣ ਦੀਆਂ ਫੈਲ ਰਹੀਆਂ ਅਫ਼ਵਾਹਾਂ ਕਾਰਨ ਗੁਰਦਾਸਪੁਰ ਸ਼ਹਿਰ ਦੇ ਪੈਟਰੋਲ ਪੰਪਾਂ 'ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ | ਅਫ਼ਵਾਹਾਂ ਦੇ ਚੱਲਦਿਆਂ ਲੋਕ ਵੱਡੀ ਗਿਣਤੀ ਵਿਚ ਆਪਣੇ ਵਾਹਨਾਂ 'ਚ ਤੇਲ ਭਰਵਾਉਣ ਲਈ ਪੰਪਾਂ 'ਤੇ ਪਹੁੰਚ ਗਏ, ਜਿਸ ਨਾਲ ਕਈ ਥਾਵਾਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ | ਜਦੋਂ ਕਿ ਡੇਰਾ ਬਾਬਾ ਨਾਨਕ ਰੋਡ ਸਥਿਤ ਇਕ ਪੈਟਰੋਲ ਪੰਪ ਤੇਲ ਖਤਮ ਹੋਣ ਕਾਰਨ ਬੰਦ ਹੋ ਗਿਆ | ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤੋਂ ਹੀ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ | ਭੀੜ ਅਚਾਨਕ ਵੱਧ ਜਾਣ ਕਾਰਨ ਕੁਝ ਪੰਪਾਂ 'ਤੇ ਤੇਲ ਖਤਮ ਹੋਰ ਕਾਰਨ ਸਪਲਾਈ ਅਸਥਾਈ ਤੌਰ 'ਤੇ ਪ੍ਰਭਾਵਿਤ ਹੋਈ | ਪੈਟਰੋਲ ਪੰਪ ਮਾਲਕਾਂ ਨੇ ਦੱਸਿਆ ਕਿ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਸਪਲਾਈ ਆਮ ਤਰ੍ਹਾਂ ਜਾਰੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੇਟ ਵਧਣ ਜਾਂ ਲਾਕ ਡਾਊਨ ਸਬੰਧੀ ਚੱਲ ਰਹੀਆਂ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਬਿਨਾਂ ਲੋੜ ਦੇ ਘਬਰਾਹਟ 'ਚ ਵੱਧ ਮਾਤਰਾ ਵਿਚ ਤੇਲ ਨਾ ਭਰਵਾਇਆ ਜਾਵੇ | ਪ੍ਰਸ਼ਾਸਨ ਵਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਸਾਵਧਾਨ ਰਹਿਣ |