ਕਾਹਨੂੰਵਾਨ, 27 ਮਾਰਚ (ਨਿਸ਼ਾਨ ਸਿੰਘ ਚਾਹਲ)- ਅੱਡਾ ਪੁਲ ਸਠਿਆਲੀ ਤੋਂ ਕਾਹਨੂੰਵਾਨ ਸ਼ਹਿਰ ਨੂੰ ਆਉਂਦੀ ਸੜਕ ਉੱਪਰ ਮਹਾਰਾਣਾ ਪ੍ਰਤਾਪ ਸਿੰਘ ਯਾਦਗਾਰੀ ਗੇਟ ਦੇ ਕੋਲ ਕਸਬੇ ਦੇ ਪ੍ਰਵੇਸ਼ ਦੁਆਰ ਨੇੜੇ ਲੱਗੇ ਕੂੜ੍ਹੇ ਕਰਕਟ ਜੇ ਢੇਰ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਹੇ ਹਨ ਪਰ ਇਸ ਪਾਸੇ ਵੱਲ ਨਾ ਤਾਂ ਗ੍ਰਾਮ ਪੰਚਾਇਤ ਕਾਹਨੂੰਵਾਨ ਦਾ ਧਿਆਨ ਜਾ ਰਿਹਾ ਹੈ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਦੇ ਰਿਹਾ ਹੈ | ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਕਾਦੀਆਂ ਦੇ ਬਹੁ-ਗਿਣਤੀ ਪਿੰਡਾਂ ਅੰਦਰ ਰਾਜਪੂਤ ਬਰਾਦਰੀ ਦੀ ਵਸੋਂ ਹੈ | ਇਸ ਬਰਾਦਰੀ ਨੂੰ ਬਣਦਾ ਮਾਣ-ਸਤਿਕਾਰ ਦੇਣ ਦੇ ਮਕਸਦ ਨਾਲ ਤਤਕਾਲੀ ਕਾਂਗਰਸ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਪ੍ਰਤਾਪ ਸਿੰਘ ਬਾਜਵਾ ਵਲੋਂ ਸਠਿਆਲੀ-ਕਾਹਨੂੰਵਾਨ ਮੁੱਖ ਮਾਰਗ ਉੱਪਰ ਰਾਜਪੂਤ ਬਰਾਦਰੀ ਦੇ ਮਹਾਨ ਸਪੂਤ ਮਹਾਰਾਣਾ ਪ੍ਰਤਾਪ ਸਿੰਘ ਦੀ ਯਾਦ ਵਿਚ ਯਾਦਗਾਰੀ ਗੇਟ ਦੀ ਉਸਾਰੀ ਕਰਵਾਈ ਸੀ ਪਰ ਇਸ ਗੇਟ ਦੇ ਕੋਲ ਲੱਗੇ ਕੂੜ੍ਹੇ ਦੇ ਢੇਰ ਮਹਾਰਾਣਾ ਪ੍ਰਤਾਪ ਸਿੰਘ ਦੀ ਦੇਸ਼-ਕੌਮ ਪ੍ਰਤੀ ਵੀਰਤਾ, ਸਾਹਸ ਤੇ ਕੁਰਬਾਨੀ ਤੇ ਵੀਰ ਗਾਥਾ ਨੂੰ ਧੁੰਦਲਾ ਕਰ ਰਹੇ ਹਨ | ਇਸ ਸਬੰਧੀ ਕਾਹਨੂੰਵਾਨ ਦੇ ਸਰਪੰਚ ਸਤਨਾਮ ਸਿੰਘ ਸੈਣੀ ਨੇ ਕਿਹਾ ਕਿ ਸ਼ਹਿਰ ਦਾ ਕੂੜਾ ਕਰਕਟ ਸੁੱਟਣ ਲਈ ਸੇਵਾਦਾਰ ਰੱਖੇ ਗਏ ਹਨ ਜਿਨ੍ਹਾਂ ਵਲੋਂ ਪੰਚਾਇਤ ਵਲੋਂ ਨਿਰਧਾਰਿਤ ਥਾਂ 'ਤੇ ਰੇਹੜੀਆਂ ਰਾਹੀ ਕੂੜਾ-ਕਰਕਟ ਸੁੱਟਿਆ ਜਾਂਦਾ ਹੈ | ਗ੍ਰਾਮ ਪੰਚਾਇਤ ਕਾਹਨੂੰਵਾਨ ਦੇ ਵਲੋਂ ਗੇਟ ਦੇ ਕੋਲ ਕੂੜਾ ਕਰਕਟ ਦੀ ਮਨਾਹੀ ਲਈ ਬੋਰਡ ਵੀ ਲਗਾਇਆ ਗਿਆ ਹੈ | ਪੰਚਾਇਤ ਵਲੋਂ ਵੀ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਇਸ ਥਾਂ 'ਤੇ ਕੋਈ ਕੂੜਾ-ਕੜਕਟ ਨਾ ਸੁੱਟੇ ਪਰ ਲੋਕ ਵੇਲੇ ਕੁਵੇਲੇ ਇਸ ਥਾਂ 'ਤੇ ਕੂੜਾ ਸੁੱਟ ਹੀ ਜਾਂਦੇ ਹਨ |