ਗੁਰਦਾਸਪੁਰ, 2 ਅਪ੍ਰੈਲ (ਚੱਕਰਾਜਾ)- ਨਵੀਂ ਆਬਕਾਰੀ ਨੀਤੀ 2026-27 ਤਹਿਤ ਗੁਰਦਾਸਪੁਰ 'ਚ 1 ਅਪ੍ਰੈਲ ਤੋਂ ਸ਼ਰਾਬ ਦੇ ਨਵੇਂ ਰੇਟ ਲਾਗੂ ਕੀਤੇ ਗਏ ਹਨ | ਇਸ ਦਾ ਅਸਰ ਸ਼ਰਾਬ ਪ੍ਰੇਮੀਆਂ ਦੀਆਂ ਜੇਬਾਂ 'ਤੇ ਪਵੇਗਾ | ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਠੇਕੇਦਾਰਾਂ 'ਤੇ 5.5 ਪ੍ਰਤੀਸ਼ਤ ਵੱਧ ਮਾਲੀਆ ਬੋਝ ਪਾਇਆ ਹੈ | ਨਤੀਜੇ ਵਜੋਂ ਮਾਲੀਏ 'ਚ ਵਾਧੇ ਦੇ ਨਾਲ-ਨਾਲ ਦਰਾਂ ਵਿਚ ਵਾਧੇ ਦੀ ਉਮੀਦ ਸੀ | ਅਪ੍ਰੈਲ ਵਿਚ ਨਵਾਂ ਸੈਸ਼ਨ ਸ਼ੁਰੂ ਹੁੰਦੇ ਹੀ ਠੇਕੇਦਾਰਾਂ ਨੇ ਤਸਕਰੀ ਨੂੰ ਰੋਕਣ ਲਈ ਰਣਨੀਤੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ | ਭਾਰਤੀ ਤੇ ਵਿਦੇਸ਼ੀ ਸ਼ਰਾਬ ਦੀ ਤਸਕਰੀ 'ਚ ਸ਼ਾਮਿਲ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ | ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਾਰਾ ਖੇਤਰ ਇਕ ਹੀ ਫ਼ਰਮ ਦੁਆਰਾ ਨਿਯੰਤਰਿਤ ਹੈ ਜਿਸ ਵਿਚ ਦੀਨਾਨਗਰ, ਦੋਰਾਂਗਲਾ, ਬਹਿਰਾਮਪੁਰ, ਗੁਰਦਾਸਪੁਰ 1 ਤੇ 2 ਧਾਰੀਵਾਲ ਸ਼ਾਮਿਲ ਹਨ | ਨਤੀਜੇ ਵਜੋਂ ਆਬਕਾਰੀ ਵਿਭਾਗ ਤੇ ਠੇਕੇਦਾਰ ਹੁਣ ਬਾਹਰੀ ਜ਼ਿਲਿ੍ਹਆਂ ਤੋਂ ਆਉਣ ਵਾਲੀ ਸ਼ਰਾਬ 'ਤੇ ਨਜ਼ਰ ਰੱਖਣਗੇ | ਸ਼ਰਾਬ ਦੇ ਠੇਕੇਦਾਰਾਂ ਤੋਂ ਪ੍ਰਾਪਤ ਨਵੀਂ ਸੂਚੀ ਦੇ ਅਨੁਸਾਰ ਰਾਇਲ ਸਟੈਗ ਦੀ ਕੀਮਤ 950 ਤੱਕ ਵਧਾ ਦਿੱਤੀ ਗਈ ਹੈ | ਜਦੋਂ ਕਿ ਬਲੈਂਡਰ ਦੀ ਕੀਮਤ 1250 ਤੱਕ ਵਧਾ ਦਿੱਤੀ ਗਈ ਹੈ ਤੇ ਵਧੇਰੇ ਮਹਿੰਗੀ ਸਾਕਾਚ ਹੰਡਰੇਡ ਪਾਈਪਰ ਨੂੰ 2100 ਤੱਕ ਵਧਾ ਦਿੱਤਾ ਗਿਆ ਹੈ | ਇਸੇ ਤਰ੍ਹਾਂ ਬੀਅਰ ਦੇ ਡੱਬੇ ਤੇ ਬੋਤਲਾਂ 250 ਤੋਂ 300 ਤੱਕ ਉਪਲਬਧ ਹੋਣਗੀਆਂ | ਗੁਰਦਾਸਪੁਰ ਵਿਚ ਕਈ ਤਸਕਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜੋ ਸ਼ਰਾਬ ਦੀਆਂ ਬੋਤਲਾਂ ਤੋਂ ਹੋਲੋਗਰਾਮ ਤੇ ਲੇਬਲ ਕੱਢਦੇ ਹਨ ਤੇ ਫਿਰ ਉਨ੍ਹਾਂ ਨੂੰ ਪੂਰੇ ਸ਼ਹਿਰ ਵਿਚ ਸਪਲਾਈ ਕਰਦੇ ਹਨ | ਗੱਲਬਾਤ ਦੌਰਾਨ ਠੇਕੇਦਾਰਾਂ ਨੇ ਦੱਸਿਆ ਕਿ ਸਰਕਲ ਦੀ ਵਧੀ ਹੋਈ ਲਾਗਤ ਕਾਰਨ ਫ਼ਰਮ ਹੁਣ ਤਸਕਰਾਂ 'ਤੇ ਤਿੱਖੀ ਨਜ਼ਰ ਰੱਖੇਗੀ ਤੇ ਜੇ ਲੋੜ ਪਈ ਤਾਂ ਆਬਕਾਰੀ ਵਿਭਾਗ ਤੇ ਪੁਲਿਸ ਦੀ ਸਹਾਇਤਾ ਨਾਲ ਅਜਿਹੇ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਵੇਗੀ | ਇਸ ਸੰਬੰਧੀ ਈ.ਟੀ.ਓ. ਗੁਰਦਾਸਪੁਰ ਹੇਮੰਤ ਸ਼ਰਮਾ ਨੇ ਦੱਸਿਆ ਕਿ ਵਿਭਾਗ ਨੇ ਪਹਿਲਾਂ ਪੁਲਿਸ ਦੀ ਸਹਾਇਤਾ ਨਾਲ ਅਜਿਹੇ ਕਈ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਇਸ ਸਾਲ ਕਾਰਵਾਈ ਹੋਰ ਵੀ ਸਖ਼ਤ ਹੋਵੇਗੀ |