ਗੁਰਦਾਸਪੁਰ, 2 ਅਪ੍ਰੈਲ (ਗੁਰਪ੍ਰਤਾਪ ਸਿੰਘ)- ਭਾਰਤ ਸਰਕਾਰ ਤੇ ਪੇਂਡੂ ਵਿਕਾਸ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਪੰਜਾਬ ਨੈਸ਼ਨਲ ਬੈਂਕ ਦੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵਲੋਂ ਚਲਾਈ ਜਾ ਰਹੀ ਸਕੀਮ ਤਹਿਤ ਪੰਜਾਬ ਨੈਸ਼ਨਲ ਬੈਂਕ ਸਰਕਲ ਹੈੱਡ ਪਠਾਨਕੋਟ ਸੰਜੀਤ ਕੁਮਾਰ ਦੀ ਅਗਵਾਈ ਤੇ ਜ਼ਿਲ੍ਹਾ ਚੀਫ਼ ਲੀਡ ਬੈਂਕ ਮੈਨੇਜਰ ਰਾਜਨ ਮਲਹੋਤਰਾ ਤੇ ਆਰਸੈਟੀ ਡਾਇਰੈਕਟਰ ਬਲਬੀਰ ਰਾਜ ਦੀ ਦੇਖ-ਰੇਖ ਹੇਠ ਪੀ.ਐਨ.ਬੀ. ਆਰਸੈਟੀ ਗੁਰਦਾਸਪੁਰ ਵਿਖੇ 14 ਰੋਜ਼ਾ ਸੋਫ਼ਟ ਟੋਏ ਮੇਕਿੰਗ ਐਂਡ ਸੈਲਿੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਟਰੇਨਿੰਗ ਪ੍ਰੋਗਰਾਮ ਵਿਚ 35 ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਸੋਫ਼ਟ ਟੋਏ ਤੇ ਡੈਕੋਰੇਟਿਡ ਚੀਜ਼ਾਂ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ | ਇਸ ਸੰਬੰਧੀ ਸੰਸਥਾ ਦੇ ਡਾਇਰੈਕਟਰ ਬਲਬੀਰ ਰਾਜ ਨੇ ਦੱਸਿਆ ਕਿ ਸੰਸਥਾ ਵਲੋਂ ਇਸ ਵਿੱਤੀ ਸਾਲ 'ਚ ਹੁਣ ਤੱਕ 30 ਵੱਖ-ਵੱਖ ਟਰੇਨਿੰਗ ਪ੍ਰੋਗਰਾਮ ਕਰਵਾਏ ਗਏ ਹਨ ਜਿਸ ਵਿਚ ਬਿਊਟੀ ਪਾਰਲਰ, ਫਾਸਟ ਫੂਡ, ਸਿਲਾਈ, ਜੂਟ ਪ੍ਰੋਡਕਟਸ, ਜਨਰਲ ਈ.ਡੀ.ਪੀ., ਜਨਰਲ ਈ.ਡੀ.ਬੀ. ਫ਼ਾਰ ਪੀ.ਐਮ. ਈ.ਜੀ.ਪੀ. ਤਹਿਤ 81 ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਟਰੇਨਿੰਗ ਪ੍ਰੋਗਰਾਮ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ | ਇਸ ਦੇ ਨਾਲ ਵਿਦਿਆਰਥੀਆਂ ਨੂੰ ਸਵੇਰੇ ਸ਼ਾਮ ਦੀ ਚਾਹ, ਖਾਣਾ, ਸਟੇਸ਼ਨਰੀ, ਯੂਨੀਫ਼ਾਰਮ ਵੀ ਮੁਫ਼ਤ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਟਰੇਨਿੰਗ ਦੇ ਖਤਮ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਤੇ ਆਪਣਾ ਕਾਰੋਬਾਰ ਸਥਾਪਿਤ ਕਰਨ ਲਈ ਬੈਂਕ ਵਲੋਂ ਕਰਜ਼ੇ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਵਿੱਤੀ ਸਾਲ 'ਚ ਅਜਿਹੇ ਪ੍ਰੋਗਰਾਮ ਹੋਰ ਕਰਵਾਏ ਜਾਣਗੇ ਤਾਂ ਕਿ ਸਿੱਖਿਆ ਆਰਥੀਆਂ ਵਲੋਂ ਭਰਪੂਰ ਫ਼ਾਇਦਾ ਲਿਆ ਜਾਵੇ |