ਗੁਰਦਾਸਪੁਰ, 5 ਅਪ੍ਰੈਲ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਸਕੂਲ ਦਾ 23ਵਾਂ ਸਥਾਪਨਾ ਦਿਵਸ ਮਨਾਇਆ | ਇਸ ਮੌਕੇ ਵਿਸ਼ੇਸ਼ ਹਵਨ ਕਰਵਾਇਆ ਗਿਆ | ਜਿਸ ਵਿਚ ਆਸ਼ਾ ਮਿੱਤਲ, ਰਾਜਨ ਮਿੱਤਲ, ਅਮਨ ਮਿੱਤਲ, ਪੰਡਿਤ ਵਿਜੇ ਕੁਮਾਰ, ਪੂਨਮ ਮਿੱਤਲ, ਦੀਪਤੀ ਅਗਰਵਾਲ, ਅਨਿਲ ਅਗਰਵਾਲ ਅਤੇ ਸੋਨੀਆ ਅਗਰਵਾਲ ਨੇ ਸਕੂਲ, ਸੰਸਥਾ ਦੀ ਤਰੱਕੀ ਤੇ ਵਿਸ਼ਵ ਸ਼ਾਂਤੀ ਲਈ ਵਿਸ਼ੇਸ਼ ਭੇਟਾਂ ਭੇਟ ਕੀਤੀਆਂ | ਆਸ਼ਾ ਮਿੱਤਲ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਕੂਲ 22 ਸਾਲ ਪਹਿਲਾਂ ਅੱਜ ਦੇ ਦਿਨ 5 ਅਪ੍ਰੈਲ 2004 ਨੂੰ ਸਤਿਕਾਰਯੋਗ ਸਵਰਗੀ ਬਾਲ ਕਿ੍ਸ਼ਨ ਮਿੱਤਲ ਵਲੋਂ 36 ਵਿਦਿਆਰਥੀਆਂ ਨਾਲ ਸ਼ੁਰੂ ਕੀਤਾ ਗਿਆ ਸੀ | ਵਰਤਮਾਨ ਸਮੇਂ 'ਚ ਸਕੂਲ 30-35 ਕਿੱਲੋਮੀਟਰ ਦੇ ਘੇਰੇ ਵਿਚ ਸ਼ਹਿਰਾਂ ਅਤੇ ਪਿੰਡਾਂ ਦੇ 1550 ਤੋਂ ਵੱਧ ਵਿਦਿਆਰਥੀਆਂ ਨੂੰ ਉੱਨਤ ਅਤੇ ਆਧੁਨਿਕ ਸਿੱਖਿਆ ਪ੍ਰਦਾਨ ਕਰਦਾ ਹੈ | ਉਨ੍ਹਾਂ ਨੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਇਹ ਸੰਸਥਾ ਤਰੱਕੀ ਦੇ ਆਪਣੇ ਮਾਰਗ ਨੂੰ ਜਾਰੀ ਰੱਖੇ | ਪਿ੍ੰਸੀਪਲ ਰਾਜੀਵ ਭਾਰਤੀ ਨੇ ਸਾਰੇ ਮਹਿਮਾਨਾਂ, ਮਾਪਿਆਂ ਅਤੇ ਪਰਿਵਾਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸੰਸਥਾ ਦੀ ਸਥਾਪਨਾ ਕਰਕੇ ਸਵਰਗੀ ਬਾਲ ਕਿ੍ਸ਼ਨ ਮਿੱਤਲ ਨੇ ਸਵਾਮੀ ਦਯਾਨੰਦ ਸਰਸਵਤੀ ਅਤੇ ਪਦਮ ਸ੍ਰੀ ਪੁਰਸਕਾਰ ਜੇਤੂ ਡਾ: ਆਰੀਆ ਰਤਨ ਪੂਨਮ ਸੂਰੀ ਦੀ ਅਗਵਾਈ ਹੇਠ ਆਰੀਆ ਸਮਾਜ ਦੇ ਸਿਧਾਂਤਾਂ ਨੂੰ ਅੱਗੇ ਵਧਾਉਣ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉਨ੍ਹਾਂ ਸਕੂਲ ਦੀ ਤਰੱਕੀ ਦਾ ਸਿਹਰਾ ਡੀ.ਏ.ਵੀ ਸੰਸਥਾ ਦੇ ਪਿ੍ੰਸੀਪਲ ਆਰੀਆ ਰਤਨ ਪਦਮ ਸ੍ਰੀ ਪੁਰਸਕਾਰ ਜੇਤੂ ਡਾ: ਪੂਨਮ ਸੂਰੀ, ਡਾਇਰੈਕਟਰ ਵੀ.ਕੇ. ਚੋਪੜਾ, ਮੈਨੇਜਰ ਡਾ: ਨੀਰਾ ਸ਼ਰਮਾ, ਏ.ਆਰ.ਓ ਡਾ: ਅੰਜਨਾ ਗੁਪਤਾ, ਸਕੂਲ ਪ੍ਰਬੰਧਨ, ਸਟਾਫ ਅਤੇ ਮਾਪਿਆਂ ਨੂੰ ਦਿੱਤਾ | ਉਨ੍ਹਾਂ ਮਾਪਿਆਂ ਨੂੰ ਸਕੂਲ ਨਾਲ ਜੁੜੇ ਰਹਿਣ ਅਤੇ ਬੱਚਿਆਂ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਚੰਗੇ ਮੁੱਲਾਂ ਨੂੰ ਅਪਣਾ ਕੇ ਮਾਪਿਆਂ, ਸਕੂਲ, ਸ਼ਹਿਰ, ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੱਚਿਆਂ ਅਤੇ ਸੰਗੀਤ ਵਿਭਾਗ ਵਲੋਂ ਭਜਨ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਦਾ ਸਾਰਿਆਂ ਨੇ ਆਨੰਦ ਮਾਣਿਆ | ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਲਈ ਰਿਸ਼ੀ ਲੰਗਰ ਦਾ ਵੀ ਆਯੋਜਨ ਕੀਤਾ ਗਿਆ |