ਗੁਰਦਾਸਪੁਰ, 8 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਵੱਧ ਰਹੇ ਨਿੱਤ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਲੋਕ ਨਿਰਮਾਣ ਵਿਭਾਗ ਵਲੋਂ ਖ਼ਤਰਨਾਕ ਮੋੜਾਂ 'ਤੇ ਕਰਾਸ ਬੈਰੀਅਰ ਤੇ ਸਪੀਡ ਲਿਮਟ ਦੇ ਬੋਰਡ ਵੀ ਲਗਾਏ ਜਾ ਰਹੇ ਹਨ | ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਲਵਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਟੇਢੇ ਮੋੜਾਂ 'ਤੇ ਲਗਪਗ ਲੋੜ ਅਨੁਸਾਰ 1000 ਮੀਟਰ ਤੋਂ ਵੱਧ ਕਰਾਸ ਬੈਰੀਅਰ ਲਗਾਏ ਜਾ ਰਹੇ ਹਨ ਜਿਸ ਨਾਲ ਸੜਕ ਹਾਦਸਿਆਂ 'ਤੇ ਕਾਬੂ ਪਾਇਆ ਜਾ ਸਕੇਗਾ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਵਾਹਨਾਂ ਦੀ ਆਮਦ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਾਸ ਬੈਰੀਅਰ ਦਾ ਕੰਮ ਜੰਗੀ ਪੱਧਰ 'ਤੇ ਆਰੰਭ ਕਰਵਾ ਦਿੱਤਾ ਹੈ | ਖ਼ਾਸ ਕਰਕੇ ਚਾਵਾ ਮੋੜ ਤੇ ਨਵਾਂ ਸ਼ਾਲਾ ਨਜ਼ਦੀਕ ਕਰਾਸ ਬੈਰੀਅਰ ਪਹਿਲ ਦੇ ਅਧਾਰ 'ਤੇ ਲਗਾਏ ਗਏ ਹਨ ਕਿਉਂਕਿ ਇਨ੍ਹਾਂ ਦੋਵਾਂ ਮੋੜਾਂ 'ਤੇ ਪਿਛਲੇ ਦਿਨੀਂ ਕਾਫੀ ਹਾਦਸੇ ਵਾਪਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਹੋਰ ਸਰਵੇ ਜਾਰੀ ਹੈ, ਜਿੱਥੇ ਲੋੜ ਪਈ ਉੱਥੇ ਕਰਾਸ ਬੈਰੀਅਰ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਵਾਹਨਾਂ ਦੀ ਸਪੀਡ 'ਤੇ ਕਾਬੂ ਲਈ ਸਪੀਡ ਲਿਮਟ ਦੇ ਬੋਰਡ ਵੀ ਲਗਾਏ ਜਾ ਰਹੇ ਹਨ ਤਾਂ ਜੋ ਸੜਕੀ ਹਾਦਸਿਆਂ 'ਤੇ ਕਾਬੂ ਪਾਇਆ ਜਾ ਸਕੇ |