ਨਰੋਟ ਜੈਮਲ ਸਿੰਘ, 8 ਅਪ੍ਰੈਲ (ਸ਼ਸ਼ੀ ਕੁਮਾਰ)- ਨਰੋਟ ਜੈਮਲ ਸਿੰਘ ਦੇ ਪਿੰਡ ਬਹਾਦਰਪੁਰ ਵਿਖੇ 6-7 ਦਿਨ ਪਹਿਲਾਂ ਇਕ (7 ਸਾਲਾ) ਤਨੁਸ਼ ਵੱਸਣ ਬੱਚੇ ਦੀ ਅੱਗ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਸੀ ਜਿਸ ਦੀ ਦਰਦਨਾਕ ਮੌਤ ਦੇਖ ਕੇ ਪੂਰਾ ਪਰਿਵਾਰ ਸੋਗ ਵਿਚ ਹੈ ਜਿਸ 'ਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਬੱਚੇ ਦੇ ਘਰ ਪਹੁੰਚੇ ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | 'ਅਜੀਤ' ਨਾਲ ਗੱਲਬਾਤ ਕਰਦਿਆਂ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਘਰ ਤੋਂ ਥੋੜ੍ਹੀ ਦੂਰ ਖੇਤਾਂ ਦੇ ਲਾਗੇ ਉਨ੍ਹਾਂ ਨੇ ਡੰਗਰਾਂ ਲਈ ਲੱਕੜਾਂ ਤੇ ਤਰਪਾਲ (ਕੱਖ ਕਾਨਿਆਂ) ਦੀ (ਝੁੱਗੀ) ਹਵੇਲੀ ਬਣਾਈ ਹੋਈ ਹੈ ਜਿਸ ਵੱਲ ਉਨ੍ਹਾਂ ਦੇ ਬੱਚੇ ਕਦੇ-ਕਦੇ ਖੇਡਣ ਲਈ ਜਾਂਦੇ ਹਨ ਪਰ ਪਿਛਲੇ ਬੁੱਧਵਾਰ ਸ਼ਾਮ 6 ਵਜੇ ਦੇ ਕਰੀਬ ਤਨੁਸ਼ ਤੇ ਉਸ ਦੀ ਭੈਣ (10) ਖੇਡਣ ਲਈ ਹਵੇਲੀ ਵੱਲ ਗਏ | ਤਨੁਸ਼ ਦੀ ਭੈਣ ਬਾਹਰ ਤੇ ਤਨੁਸ਼ ਝੁੱਗੀ ਦੇ ਅੰਦਰ ਵੜ ਗਿਆ ਜਿਸ ਦੇ ਹੱਥ ਵਿਚ ਮਾਚਿਸ ਸੀ ਜਿਸ ਨੇ ਮਾਚਿਸ 'ਚੋਂ ਤੀਲੀ ਕੱਢ ਕੇ ਜਲਾਈ ਜਿਸ ਨਾਲ ਅੱਗ ਲੱਗ ਲਈ | ਪਰਿਵਾਰ ਨੇ ਦੱਸਿਆ ਕਿ ਤਨੁਸ਼ ਦੀ ਵੱਡੀ ਭੈਣ ਸਭ ਕੁਝ ਵੇਖਦੀ ਰਹੀ ਤੇ ਜਦ ਅੱਗ ਦਾ ਧੂੰਆਂ ਉੱਪਰ ਜਾਂਦਾ ਵੇਖਿਆ ਤਾਂ ਤਨੁਸ਼ ਦੀ ਭੈਣ ਨੇ ਤਨੁਸ਼ ਨੂੰ ਬਾਹਰ ਆਉਣ ਲਈ ਕਿਹਾ ਪਰ ਬੱਚਾ ਬਾਹਰ ਨਾ ਨਿਕਲ ਸਕਿਆ | ਅੱਗ ਦੀਆਂ ਲਪਟਾਂ ਵੇਖ ਤਨੁਸ਼ ਉੱਚੀ-ਉੱਚੀ ਰੋਣ ਲੱਗਾ ਜਿਸ 'ਤੇ ਤਨੁਸ਼ ਦੀ ਭੈਣ ਦੌੜ ਕੇ ਘਰ ਆਈ ਤੇ ਅੱਗ ਬਾਰੇ ਦੱਸਿਆ ਜਿਸ 'ਤੇ ਸਾਰਾ ਪਰਿਵਾਰ ਹਵੇਲੀ ਵੱਲ ਭੱਜੇ ਪਰ ਉਦੋਂ ਨੂੰ ਅੱਗ ਪੂਰੀ ਤਰ੍ਹਾਂ ਮੱਚ ਚੁੱਕੀ ਸੀ | ਸਭ ਕੁਝ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਚੁੱਕਾ ਸੀ ਤੇ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦਾ ਇਕਲੌਤਾ ਵਾਰਿਸ ਬੜੀ ਦਰਦਨਾਕ ਮੌਤ ਦਾ ਸ਼ਿਕਾਰ ਹੋ ਗਿਆ | ਮਿ੍ਤਕ ਦੀ ਦਾਦੀ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ, ਜੋ ਸ਼ਾਦੀਸ਼ੁਦਾ ਹਨ ਪਰ ਤਿੰਨਾਂ ਪੁੱਤਰਾਂ ਵਿਚੋਂ ਉਨ੍ਹਾਂ ਦਾ ਇਕ ਹੀ ਪੋਤਰਾ ਸੀ, ਜਿਹੜਾ ਪ੍ਰਮਾਤਮਾ ਨੇ ਉਨ੍ਹਾਂ ਤੋਂ ਖੋ ਲਿਆ | ਪੀੜਤ ਪਰਿਵਾਰ ਨਾਲ ਤਨੁਸ਼ ਦੀ ਮੌਤ ਦਾ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਛੋਟੀ ਉਮਰ ਵਿਚ ਤਨੁਸ਼ ਦਾ ਦੁਨੀਆਂ ਤੋਂ ਚਲੇ ਜਾਣਾ ਪਰਿਵਾਰ ਲਈ ਬੜੇ ਹੀ ਦੁੱਖ ਦੀ ਘੜੀ ਹੈ | ਇਕਲੌਤੇ ਬੱਚੇ ਦਾ ਅਚਾਨਕ ਦੁਨੀਆਂ ਤੋਂ ਚਲੇ ਜਾਣ ਦਾ ਪਿੱਛੇ ਪਰਿਵਾਰ ਨੂੰ ਬੜਾ ਗਹਿਰਾ ਸਦਮਾ ਪਹੁੰਚਿਆ ਹੈ | ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਪੀੜਤ ਪਰਿਵਾਰ ਨੂੰ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਵੀ ਉਨ੍ਹਾਂ ਦੇ ਨਾਲ ਹਨ ਤੇ ਹਮੇਸ਼ਾ ਵੀ ਇਸ ਪਰਿਵਾਰ ਨਾਲ ਹਰ ਸਮੇਂ ਖੜੇ ਹਨ | 24 ਘੰਟੇ ਉਨ੍ਹਾਂ ਦੇ ਦਰਵਾਜ਼ੇ ਇਸ ਪਰਿਵਾਰ ਲਈ ਖੁੱਲ੍ਹੇ ਹਨ |