ਨੌਸ਼ਹਿਰਾ ਮੱਝਾ ਸਿੰਘ, 15 ਅਪ੍ਰੈਲ (ਰਵੀ ਭਗਤ) - ਇਕ ਪਾਸੇ ਕਿਸਾਨ ਜਿੱਥੇ ਖਰਾਬ ਮੌਸਮ ਦੇ ਚਲਦਿਆਂ ਭਾਰੀ ਮੀਂਹ ਤੇ ਗੜੇਮਾਰੀ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਅੱਜ ਦੁਪਹਿਰ ਕਰੀਬ 2 ਵਜੇ ਨੇੜਲੇ ਪਿੰਡ ਕਲੇਰ ਕਲਾਂ ਵਿਖੇ ਪੱਕੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਨਾਲ ਲਗਪਗ 7 ਕਿੱਲੇ ਕਣਕ ਸੜ ਕੇ ਸਵਾਹ ਹੋ ਗਈ | ਦੁਪਹਿਰ ਵੇਲੇ ਲੱਗੀ ਅੱਗ ਨੂੰ ਇਕੱਠੇ ਹੋਏ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਟਰੈਕਟਰਾਂ ਦੀ ਮਦਦ ਨਾਲ ਬੜੀ ਮੁਸ਼ੱਕਤ ਕਰਦਿਆਂ ਅੱਗ 'ਤੇ ਕਾਬੂ ਪਾਇਆ | ਕਿਸਾਨਾਂ ਦਾ ਕਹਿਣਾ ਸੀ ਕਿ ਇਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਇਸ ਸਬੰਧੀ ਪਿੰਡ ਕਲੇਰ ਕਲਾਂ ਦੇ ਸਾ. ਸਰਪੰਚ ਗੁਰਦੇਵ ਸਿੰਘ ਪੁੱਤਰ ਬੂਆ ਸਿੰਘ ਦੇ 3 ਏਕੜ, ਮਨਰਾਜ ਸਿੰਘ ਪੁੱਤਰ ਇੰਦਰਜੀਤ ਸਿੰਘ ਦੇ 2 ਏਕੜ, ਬਿਕਰਮਜੀਤ ਪੁੱਤਰ ਭੋਲਾ ਸਿੰਘ ਤੇ ਪ੍ਰਗਟ ਸਿੰਘ ਪੁੱਤਰ ਦਲੀਪ ਸਿੰਘ ਦੀ ਇਕ-ਇਕ ਕੱੁਲ ਲਗਪਗ 7 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ ਤੇ ਅੱਗ 'ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ | ਉਕਤ ਕਿਸਾਨਾਂ ਨੇ ਕਿਹਾ ਕਿ ਇਸ ਸੰਬੰਧੀ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਨੂੰ ਸੂਚਿਤ ਕਰ ਦਿੱਤਾ ਹੈ |