ਬਟਾਲਾ, 16 ਅਪ੍ਰੈਲ (ਸਤਿੰਦਰ ਸਿੰਘ)- ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਿਸ਼ਵਾ ਮਿੱਤਰ ਸ਼ੇਖੜੀ ਕਾਲਜ 'ਚ ਸੰਕਲਪ 2026 ਤਹਿਤ ਕਰਵਾਏ ਗਏ ਸਮਾਗਮ ਤਹਿਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਪ੍ਰਭਾਵਸ਼ਾਲੀ ਸਮਾਗਮ 'ਚ ਬੋਲਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਨਾਲ ਆਪਣਾ, ਪਰਿਵਾਰ ਤੇ ਸਮਾਜ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜੀ ਨਸ਼ੇ ਵਿਚ ਇੰਝ ਹੀ ਪਈ ਰਹੀ ਤਾਂ ਦੇਸ਼ ਦਾ ਵਿਕਾਸ ਰੁਕ ਜਾਵੇਗਾ, ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਕ ਅੰਦੋਲਨ ਚਲਾਇਆ ਜਾਵੇ, ਜਿਸ ਦੀ ਵਾਗਡੋਰ ਰਾਜਨੀਤਕ ਪਾਰਟੀਆਂ ਨੂੰ ਛੱਡ ਨਿਰੋਲ ਪੰਜਾਬ ਦੀ ਜਨਤਾ ਦੇ ਹੱਥ ਹੋਵੇ | ਉਨ੍ਹਾਂ ਅੱਗੇ ਕਿਹਾ ਕਿ ਜੇ ਹਰ ਜ਼ਿੰਮੇਵਾਰ ਨਾਗਰਿਕ ਆਪਣਾ ਫਰਜ਼ ਪਛਾਣੇ ਅਤੇ ਆਪਣੇ ਇਲਾਕੇ 'ਚ ਹੀ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦਾ ਰਹੇ ਤਾਂ ਇਕ ਨਾ ਇਕ ਦਿਨ ਪੰਜਾਬ ਜ਼ਰੂਰ ਨਸ਼ਾ ਮੁਕਤ ਹੋ ਜਾਵੇਗਾ | ਉਨ੍ਹਾਂ ਨੇ ਸਮੂਹ ਹਾਜ਼ਰੀਨ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੋਸ਼ਿਸ਼ਾਂ ਦਾ ਹਿੱਸਾ ਬਣਨ ਲਈ ਪ੍ਰਣ ਦਿਵਾਇਆ | ਕਾਲਜ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਸੰਸਥਾ ਨਸ਼ਾ ਮੁਕਤ ਬਣ ਚੁੱਕੀ ਹੈ ਤੇ ਹੁਣ ਅਸੀਂ ਰਲ ਕੇ ਬਟਾਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਵਾਂਗੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੁਹਿੰਮ ਦਾ ਹਿੱਸਾ ਬਣੋ | ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਜਸਬੀਰ ਸਿੰਘ, ਰਵੀਕਰਨ ਸਿੰਘ ਕਾਹਲੋਂ, ਸ੍ਰੀਮਤੀ ਅਨੂਜਾ ਸੇਖੜੀ, ਅਭਿਨਵ ਸੇਖੜੀ, ਦੀਪਾਂਕਾ ਸੇਖੜੀ ਤੇ ਕਾਲਜ, ਸਕੂਲ ਦੇ ਸਾਰੇ ਪਿ੍ੰਸੀਪਲ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |