ਵਡਾਲਾ ਗ੍ਰੰਥੀਆਂ, 16 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)- ਇਨ-ਸਰਵਿਸ ਅਧਿਆਪਕਾਂ ਨੂੰ ਟੈੱਟ ਦੇ ਇਮਤਿਹਾਨ ਲਈ ਦੂਰ-ਦਰਾਡੇ ਕੇਂਦਰ ਮਿਲਣ ਕਰ ਕੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰ ਕੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਕਈ ਅਧਿਆਪਕਾਂ ਦੇ ਸੈਂਟਰ ਘਰ ਤੋਂ ਲਗਪਗ 250 ਕਿਲੋਮੀਟਰ ਦੂਰ ਚੰਡੀਗੜ੍ਹ ਵਿਚ ਬਣਾਏ ਜਾਣ ਨਾਲ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਸੀ.ਐਂਡ.ਵੀ. ਟੀਚਰ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮੁਸਤਫਾਬਾਦ, ਵਿੱਤ ਸਕੱਤਰ ਉਪਕਾਰ ਸਿੰਘ ਰੰਧਾਵਾ, ਬਬਲਜੀਤ ਸਿੰਘ ਰੰਧਾਵਾ, ਸਰਬਜੀਤ ਸਿੰਘ ਤੇ ਗੁਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਈ ਅਧਿਆਪਕ ਅਜਿਹੇ ਵੀ ਹਨ, ਜੋ ਸਰੀਰਕ ਰੂਪ ਵਿਚ ਅਸਮਰੱਥ ਹਨ, ਇਥੋਂ ਤੱਕ ਕਿ 2 ਅੰਗਹੀਣ ਪਤੀ-ਪਤਨੀ ਅਧਿਆਪਕਾਂ ਦੇ ਕੇਂਦਰ ਵੀ ਚੰਡੀਗੜ੍ਹ ਵਿਚ ਬਣਾਏ ਗਏ ਹਨ, ਜੋ ਉਨ੍ਹਾਂ ਲਈ ਵੱਡੀ ਮੁਸ਼ਕਲ ਦਾ ਕਾਰਨ ਬਣ ਰਹੇ ਹਨ | ਯੂਨੀਅਨ ਆਗੂਆਂ ਨੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਹਰੇਕ ਅਧਿਆਪਕ ਦਾ ਟੈੱਟ ਪ੍ਰੀਖਿਆ ਕੇਂਦਰ ਉਸ ਦੇ ਆਪਣੇ ਜ਼ਿਲ੍ਹੇ ਵਿਚ ਹੀ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਦੂਰ-ਦਰਾਡੇ ਜਾਣ ਤੋਂ ਬਚਾਇਆ ਜਾ ਸਕੇ ਤੇ ਬਿਨਾਂ ਕਿਸੇ ਤਕਲੀਫ਼ ਦੇ ਪ੍ਰੀਖਿਆ ਵਿਚ ਸ਼ਾਮਲ ਹੋ ਸਕਣ | ਇਸ ਤੋਂ ਇਲਾਵਾ ਯੂਨੀਅਨ ਨੇ ਇਹ ਵੀ ਮੰਗ ਕੀਤੀ ਕਿ ਜੋ ਇਨ-ਸਰਵਿਸ ਅਧਿਆਪਕ ਟੈਸਟ ਦੇਣ ਲਈ ਚੰਡੀਗੜ੍ਹ ਜਾਂ ਹੋਰ ਦੂਰਲੇ ਕੇਂਦਰਾਂ 'ਤੇ ਜਾ ਰਹੇ ਹਨ, ਉਨ੍ਹਾਂ ਦੇ ਆਉਣ-ਜਾਣ ਦਾ ਪ੍ਰਬੰਧ ਸਰਕਾਰੀ ਤੌਰ 'ਤੇ ਐਂਡ-ਟੂ-ਐਂਡ ਬੱਸ ਸੇਵਾ ਰਾਹੀਂ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਆਵਾਜਾਈ ਸੰਬੰਧੀ ਦਿੱਕਤ ਨਾ ਆਵੇ |