ਕਲਾਨੌਰ, 16 ਅਪ੍ਰੈਲ (ਪੁਰੇਵਾਲ)- ਲੰਘੇ ਸਮੇਂ ਦੌਰਾਨ ਇਸ ਖੇਤਰ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਈਆਂ ਝੋਨੇ ਸਮੇਤ ਹੋਰ ਫ਼ਸਲਾਂ ਦਾ ਅਜੇ ਤੱਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਾ ਮਿਲਣ ਸਮੇਤ ਮੰਡੀਆਂ 'ਚ ਕਿਸਾਨਾਂ ਦੀ ਆ ਰਹੀ ਕਣਕ ਦੀ ਖ਼ਰੀਦ ਨਾ ਹੋਣ ਦੇ ਰੋਸ 'ਚ ਪੰਜਾਬ ਕਿਸਾਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਨੇੜਲੇ ਪਿੰਡ ਨੜਾਂਵਾਲੀ ਵਿਖੇ ਪੰਜਾਬ ਕਿਸਾਨਾਂ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਅਸ਼ਵਨੀ ਕੁਮਾਰ ਲੱਖਣਕਲਾਂ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਕਾਮਲਪੁਰ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਵੱਡੀ ਗਿਣਤੀ ਵਿਚ ਯੂਨੀਅਨ ਆਗੂਆਂ ਸਮੇਤ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਸੰਬੋਧਨ ਦੌਰਾਨ ਲੱਖਣਕਲਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਇਕ ਪਾਸੇ ਕੁਦਰਤੀ ਕਰੋਪੀ ਨਾਲ ਝੰਬਿਆ ਪਿਆ ਤੇ ਦੂਜੇ ਪਾਸੇ ਸਰਕਾਰਾਂ ਵਲੋਂ ਕਿਸਾਨ ਦੀ ਬਾਂਹ ਫੜਨ ਦੀ ਬਜਾਏ ਕਣਕ ਦੀ ਖਰੀਦ ਸਬੰਧੀ ਤਹਿ ਕੀਤੇ ਮਾਪਦੰਡ 'ਚ ਵਿਤਕਰਾ ਕਰ ਰਹੀ ਹੈ | ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗ ਕੀਤੀ ਕਿ ਕਣਕ ਦੀ ਖਰੀਦ ਸਬੰਧੀ ਲਾਈਆਂ ਗਈਆਂ ਸ਼ਰਤਾਂ 'ਚ ਢਿੱਲ ਦਿੱਤੀ ਜਾਵੇ ਤੇ ਪੰਜਾਬ ਦੇ ਕਿਸਾਨਾਂ ਨੂੰ ਹੋਰ ਜ਼ਲੀਲ ਨਾ ਕੀਤਾ ਜਾਵੇ | ਪੰਜਾਬ 'ਚ ਜਿੱਥੇ ਗੜੇਮਾਰੀ ਨਾਲ ਫ਼ਸਲਾਂ ਖਰਾਬ ਹੋਈਆਂ ਹਨ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ | ਪਿੰਡ ਚਿੱਕੜੀ ਦੇ ਕਿਸਾਨ ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਅਜੇ ਤੱਕ ਝੋਨੇ ਦੀ ਬਰਬਾਦੀ ਦਾ ਕੋਈ ਵੀ ਪੈਸਾ ਨਹੀਂ ਮਿਲਿਆ ਤੇ ਹੁਣ ਕਣਕ ਵੀ ਮੀਂਹ ਨਾਲ ਖਰਾਬ ਹੋ ਚੁੱਕੀ ਹੈ | ਮੀਟਿੰਗ 'ਚ ਹਰਪ੍ਰੀਤ ਸ਼ਰਮਾ ਲੱਖਣ ਖੁਰਦ, ਬਚਿੱਤਰ ਸਿੰਘ ਕਾਮਲਪੁਰ, ਰਾਜਿੰਦਰ ਸਿੰਘ ਜੇ.ਈ., ਬਲਦੇਵ ਸਿੰਘ ਨੜਾਂਵਾਲੀ, ਮੱਖਣ ਸਿੰਘ ਬਖਤਪੁਰਾ, ਸਰਦੂਲ ਸਿੰਘ ਚਿੱਕੜੀ, ਜਰਨੈਲ ਸਿੰਘ, ਦਿਲਬਾਗ ਸਿੰਘ ਸਪਰਾਵਾਂ, ਜਗਜੀਤ ਸਿੰਘ ਸੇਖਕਬੀਰ, ਡਾਕਟਰ ਕਾਹਲੋਂ ਮੌੜ, ਬਲਵਿੰਦਰ ਸਿੰਘ ਲੱਖਣ ਖੁਰਦ ਪ੍ਰਮੁੱਖ ਆਗੂ ਵੀ ਹਾਜ਼ਰ ਰਹੇ |