ਨਰੋਟ ਜੈਮਲ ਸਿੰਘ, 16 ਅਪ੍ਰੈਲ (ਸ਼ਸ਼ੀ ਕੁਮਾਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਚ ਕਾਮਰਸ ਵਿਭਾਗ ਵਲੋਂ ਪਿ੍ੰਸੀਪਲ ਡਾ: ਅਰਪਣਾ ਦੀ ਪ੍ਰਧਾਨਗੀ ਹੇਠ ਫਲੇਵਰਫੁਲ ਫਿਏਸਟਾ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਸੋਸ਼ਲ ਮੀਡੀਆ ਮਾਰਕੀਟਿੰਗ ਕਿੰਗ ਦੇ ਨਾਮ ਨਾਲ ਮਸ਼ਹੂਰ ਯੂਥ ਆਈਕਨ ਤੇ ਉੱਭਰਦੇ ਹੋਏ ਉੱਦਮੀ ਲਵ ਸ਼ਰਮਾ ਮੁੱਖ ਮਹਿਮਾਨ ਵਜੋਂ ਪਹੁੰਚੇ | ਪ੍ਰੋਗਰਾਮ ਦੇ ਕਨਵੀਨਰ ਡਾ: ਪੂਨਮ ਮਹਾਜਨ ਸਨ ਤੇ ਸਹਿ-ਕੋਆਰਡੀਨੇਟਰ ਡਾ: ਰੁਚੀ ਕੋਹਲੀ ਹਨ | ਇਹ ਪ੍ਰੋਗਰਾਮ ਐਂਟਰਪ੍ਰਨਿਓਰ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਕਰਵਾਇਆ ਗਿਆ ਸੀ | ਇਸ ਫਿਏਸਟਾ ਵਿਚ ਵਿਦਿਆਰਥੀਆਂ ਵਲੋਂ ਲਗਾਏ ਗਏ ਵੱਖ-ਵੱਖ ਫੂਡ ਸਟਾਲ, ਮਨੋਰੰਜਕ ਖੇਡਾਂ ਤੇ ਹੱਥੀਂ ਬਣਾਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਮੁੱਖ ਖਿੱਚ ਦਾ ਕੇਂਦਰ ਰਹੀ | ਪ੍ਰੋਗਰਾਮ ਵਿਚ ਲਗਾਏ ਗਏ ਵੱਖ-ਵੱਖ ਸਟਾਲਾਂ ਵਿਚੋਂ 'ਭੱਲਾ ਕਾਰਨਰ' ਸਟਾਲ ਨੇ ਪਹਿਲਾ ਸਥਾਨ ਹਾਸਲ ਕੀਤਾ | ਜਿਸ ਨੂੰ ਬੀ. ਕਾਮ 6ਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਸਲੋਨੀ, ਮੀਨੂ, ਸਤਨਾਮ, ਦਲਜੀਤ ਤੇ ਅੰਜਲੀ ਵਲੋਂ ਲਗਾਇਆ ਗਿਆ ਸੀ | ਦੂਜਾ ਸਥਾਨ ਫ਼ੈਸ਼ਨ ਵਿਭਾਗ ਨੇ ਪ੍ਰਾਪਤ ਕੀਤਾ ਜਿਸ ਵਿਚ ਉਨ੍ਹਾਂ ਨੇ ਹੱਥਾਂ ਨਾਲ ਬਣਾਈਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਸੀ | ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਮੈਡਲ ਵੀ ਦਿੱਤੇ ਗਏ | ਪ੍ਰੋਗਰਾਮ ਵਿਚ ਆਏ ਮੁੱਖ ਮਹਿਮਾਨ ਲਵ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਕੰਮ ਲਈ ਉਤਸ਼ਾਹਿਤ ਕੀਤਾ | ਲਵ ਸ਼ਰਮਾ ਨੇ ਕਾਲਜ ਨੂੰ ਇਕ ਵਾਟਰ ਕੂਲਰ ਵੀ ਦਾਨ ਕੀਤਾ | ਕਾਲਜ ਦੀ ਪਿ੍ੰਸੀਪਲ ਡਾ: ਅਰਪਨਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਸ਼ਲਾਘਾਯੋਗ ਪ੍ਰੋਗਰਾਮ ਲਈ ਵਧਾਈ ਦਿੱਤੀ |