ਕਲਾਨੌਰ, 17 ਅਪ੍ਰੈਲ (ਪੁਰੇਵਾਲ)-ਭਾਜਪਾ ਦੇ ਹਲਕਾ ਡੇਰਾ ਬਾਬਾ ਨਾਨਕ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਨੇ ਗੱਲਬਾਤ ਦੌਰਾਨ ਕਿਹਾ ਕਿ ਲੰਘੇ ਸਮੇਂ ਦੌਰਾਨ ਕਣਕ 'ਤੇ ਬੇਮੌਸਮੀਂ ਬਰਸਾਤ, ਗੜ੍ਹੇਮਾਰੀ, ਝੱਖੜ ਕਾਰਨ ਨੁਕਸਾਨੀ ਗਈ ਕਣਕ ਦੀ ਖਰੀਦ ਮੌਕੇ ਮਾਪਦੰਡਾਂ 'ਚ ਕੇਂਦਰ ਵਲੋਂ ਢਿੱਲ ਦੇਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਿਸਾਨ ਹਿਤੈਸ਼ੀ ਬਣੀ ਹੈ | ਹਲਕਾ ਇੰਚਾਰਜ ਸ: ਕਾਹਲੋਂ ਨੇ ਕਿਹਾ ਕਿ ਭਾਜਪਾ ਪਹਿਲਾਂ ਤੋਂ ਹੀ ਦੇਸ਼ ਦੇ ਹਿੱਤ 'ਚ ਕਈ ਫ਼ੈਸਲੇ ਲੈ ਚੁੱਕੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸਮੇਂ 'ਤੇ ਕਿਸਾਨਾਂ ਦੇ ਹਿੱਤ 'ਚ ਯੋਗ ਐਲਾਨ ਕੀਤਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਤਾਂ ਮਿਲੇਗੀ ਹੀ, ਜਦਕਿ ਇਸ ਨਾਲ ਕਿਸਾਨਾਂ ਦਾ ਹੋਣ ਵਾਲੇ ਵਿੱਤੀ ਨੁਕਸਾਨ ਤੋਂ ਵੀ ਬਚਾਅ ਹੋ ਜਾਵੇਗਾ | ਹਲਕਾ ਇੰਚਾਰਜ ਕਾਹਲੋਂ ਨੇ ਕਿਹਾ ਕਿ ਉਹ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ, ਜਿਸ ਤਹਿਤ ਹੁਣ 15 ਫ਼ੀਸਦੀ ਟੁੱਟੇ ਅਤੇ ਸੁੰਘੜੇ ਦਾਣਿਆਂ ਦੀ ਵੀ ਸਮਰਥਣ ਮੁੱਲ 'ਤੇ ਖਰੀਦ ਹੋਵੇਗੀ | ਇਸ ਤੋਂ ਇਲਾਵਾ 70 ਫ਼ੀਸਦੀ ਬਦਰੰਗ ਦਾਣਿਆਂ ਦੀ ਖਰੀਦ ਨਾਲ ਵੀ ਕਿਸਾਨਾਂ ਨੂੰ ਕਾਫ਼ੀ ਹੱਦ ਤੱਕ ਕੁਦਰਤੀ ਕਰੋਪੀ ਦੀ ਮਾਰ ਤੋਂ ਰਾਹਤ ਮਿਲੇਗੀ |