ਗੁਰਦਾਸਪੁਰ, 22 ਅਪ੍ਰੈਲ (ਪੰਕਜ ਸ਼ਰਮਾ)- ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ 'ਤੇ ਕਾਂਗਰਸ ਦੀ ਸੋਚ ਬਾਰੇ ਜਨਤਾ ਨੂੰ ਜਾਣੂ ਕਰਵਾਉਣ ਲਈ ਭਾਜਪਾ ਹਰ ਜ਼ਿਲ੍ਹੇ ਵਿਚ ਪੈ੍ਰਸ ਕਾਨਫ਼ਰੰਸਾਂ ਕਰ ਰਹੀ ਹੈ | ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਗੁਰਦਾਸਪੁਰ ਵਿਖੇ ਪੈ੍ਰੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਔਰਤਾਂ ਨੂੰ ਹਰ ਖੇਤਰ ਵਿਚ ਵੱਧ ਅਧਿਕਾਰ ਦੇਣ ਲਈ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕੀਤਾ ਹੈ ਪਰ ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਕੀਤਾ | ਕੇਂਦਰ ਵਿਚ ਭਾਜਪਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਔਰਤਾਂ ਨੂੰ ਉਹ ਅਧਿਕਾਰ ਦੇਣ ਲਈ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤਾ ਜੋ ਉਨ੍ਹਾਂ ਨੂੰ ਦਹਾਕਿਆਂ ਤੋਂ ਵਾਂਝੇ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਮੌਜੂਦਾ ਆਬਾਦੀ 140 ਕਰੋੜ ਹੈ, ਜਿਸ ਵਿਚੋਂ ਔਰਤਾਂ ਲਗਪਗ 75 ਕਰੋੜ ਹਨ | ਉਨ੍ਹਾਂ ਕਿਹਾ ਕਿ ਭਾਜਪਾ ਨੇ 'ਧੀਆਂ ਬਚਾਓ, ਧੀਆਂ ਨੂੰ ਪੜ੍ਹਾਓ' ਦਾ ਨਾਅਰਾ ਸ਼ੁਰੂ ਕੀਤਾ ਤੇ ਇਸ ਨੂੰ ਅੱਗੇ ਵਧਾਉਂਦੇ ਹੋਏ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤਾ | ਇਸ ਬਿੱਲ ਦਾ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਵੀ ਔਰਤਾਂ ਨੂੰ ਪ੍ਰਤੀਨਿਧਤਾ ਮਿਲੀ ਹੈ, ਭਿ੍ਸ਼ਟਾਚਾਰ 'ਤੇ ਰੋਕ ਲੱਗੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਿ੍ਸ਼ਟੀਕੋਣ ਔਰਤਾਂ ਨੂੰ ਸਸ਼ਕਤ ਬਣਾਉਣ ਦਾ ਹੈ ਤੇ ਇਸ ਦਿ੍ਸ਼ਟੀਕੋਣ 'ਤੇ ਖਰਾ ਉੱਤਰਨ ਵਾਲਾ ਇਹ ਬਿੱਲ ਭਵਿੱਖ 'ਚ ਪਾਸ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਇਸ ਬਿੱਲ ਦਾ ਵਿਰੋਧ ਉਨ੍ਹਾਂ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ | ਭਾਜਪਾ ਨੇਤਾ ਰੇਣੂ ਕਸ਼ਯਪ ਨੇ ਕਿਹਾ ਕਿ ਜੇਕਰ ਔਰਤਾਂ ਵੋਟ ਪਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਵੋਟਾਂ ਰਾਹੀਂ ਪ੍ਰਤੀਨਿਧਤਾ ਲੈਣ ਦਾ ਵੀ ਅਧਿਕਾਰ ਹੋਣਾ ਚਾਹੀਦਾ ਹੈ | ਇਸ ਮੌਕੇ ਸੀਨੀਅਰ ਭਾਜਪਾ ਨੇਤਾ ਰਾਕੇਸ਼ ਜੋਤੀ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਬਿੰਦੀਆ, ਮੰਡਲ ਪ੍ਰਧਾਨ ਰਿੱਕੀ ਮਹੰਤ, ਜ਼ਿਲ੍ਹਾ ਮੀਡੀਆ ਇੰਚਾਰਜ ਅੰਕੁਸ਼ ਮਹਾਜਨ, ਬਟਾਲਾ ਪ੍ਰਧਾਨ ਹੀਰਾ ਵਾਲੀਆ, ਪ੍ਰਵੀਨ ਕੁਮਾਰ ਆਦਿ ਮੌਜੂਦ ਸਨ |