ਕਾਹਨੂੰਵਾਨ, 23 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਸੂਰਜ ਦੀ ਤੇਜ ਤਪਸ਼ ਅਤੇ ਗਰਮੀ ਨੇ ਲੋਕਾਂ ਦਾ ਜੀਵਨ ਬੇਹਾਲ ਕਰ ਦਿੱਤਾ ਹੈ | ਬਿਜਲੀ ਕੱਟਾਂ ਅਤੇ ਉਪਰੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕ ਹਾਲੋ-ਬੇਹਾਲ ਹੋ ਰਹੇ ਹਨ | ਪੇਂਡੂ ਖੇਤਰ ਅੰਦਰ ਲੰਬਾ ਸਮਾਂ ਬਿਜਲੀ ਕੱਟ ਲੱਗਣ ਕਾਰਨ ਪਿੰਡਾਂ ਵਿਚ ਰਹਿੰਦੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਪਰ ਮੌਸਮ ਵਿਭਾਗ ਅਨੁਸਾਰ ਲੋਕਾਂ ਨੂੰ ਅਜੇ ਕੁਝ ਹੋਰ ਦਿਨ ਗਰਮੀ ਤੋਂ ਰਾਹਤ ਮਿਲਣ ਦੀ ਆਸ ਨਹੀਂ | ਸਵੇਰ ਵੇਲੇ ਸੂਰਜ ਚੜ੍ਹਨ ਤੋਂ ਬਾਅਦ ਧੁੱਪ ਦੀ ਤੀਬਰਤਾ ਜਿਵੇਂ-ਜਿਵੇਂ ਵਧਣੀ ਸ਼ੁਰੂ ਹੋ ਜਾਂਦੀ ਹੈ, ਦੁਪਹਿਰ ਵੇਲੇ ਤੱਕ ਹਾਲਤ ਇਸ ਕਦਰ ਤੱਕ ਗੰਭੀਰ ਹੋ ਜਾਂਦੇ ਹਨ ਕਿ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਖਾਸ ਕਰ ਕੇ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਲਈ ਦੁਪਹਿਰ ਸਮੇਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ | ਕੜਕਦੀ ਧੁੱਪ ਵਿਚ ਸਕੂਲ ਵਿਚੋਂ ਛੁੱਟੀ ਸਮੇਂ ਬੱਚੇ ਹਾਲੋ-ਬੇਹਾਲ ਹੋ ਜਾਂਦੇ ਹਨ | ਤੇਜ਼ ਧੁੱਪ ਤੇ ਗਰਮ ਹਵਾਵਾਂ ਕਾਰਨ ਦੁਪਹਿਰ ਵੇਲੇ ਸਮੁੱਚਾ ਮਨੁੱਖੀ ਜਨਜੀਵਨ ਪ੍ਰਭਾਵਿਤ ਹੋ ਜਾਂਦਾ ਹੈ ਤੇ ਇਸ ਵੇਲੇ ਸੜਕਾਂ 'ਤੇ ਆਵਾਜਾਈ ਘੱਟ ਹੋਣ ਨਾਲ ਸੜਕਾਂ ਸੁੰਨਸਾਨ ਦਿਖਾਈ ਦਿੰਦੀਆਂ ਹਨ | ਇਸ ਸਮੇ ਬਾਜ਼ਾਰਾਂ ਵਿਚ ਗ੍ਰਾਹਕਾਂ ਦੀ ਗਿਣਤੀ ਵੀ ਘਟ ਜਾਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਦੁਪਹਿਰ ਸਮੇਂ ਤਾਪਮਾਨ 40 ਡਿਗਰੀ ਤੋਂ ਵਧ ਜਾਂਦਾ ਹੈ ਤੇ ਇਸ ਵੇਲੇ ਗਰਮੀ ਤੇ ਤਪਸ ਇਵੇਂ ਮਹਿਸੂਸ ਹੁੰਦੀ ਹੈ, ਜਿਵੇਂ ਜੂਨ-ਜੁਲਾਈ ਦਾ ਮਹੀਨਾ ਹੋਵੇ | ਜਾਣਕਾਰੀ ਦਿੰਦਿਆਂ ਡਾ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗਰਮੀ ਤੇ ਧੁੱਪ ਵਿਚ ਜ਼ਿਆਦਾ ਦੇਰ ਤੱਕ ਖੜ੍ਹੇ ਰਹਿਣ ਕਾਰਨ ਲੂ ਲੱਗ ਸਕਦੀ ਹੈ, ਘਬਰਾਹਟ ਹੋ ਸਕਦੀ ਹੈ | ਇਸ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ, ਸ਼ਰਬਤ ਤੇ ਸਲਾਦ ਦੀ ਵਰਤੋਂ ਕਰਨ ਦੇ ਨਾਲ ਸੰਤੁਲਿਤ ਤੇ ਤਾਜ਼ੇ ਬਣੇ ਭੋਜਨ ਦੀ ਵਰਤੋਂ ਕੀਤੀ ਜਾਵੇ, ਨਾਰੀਅਲ ਪਾਣੀ, ਤਰਬੂਜ ਤੇ ਗੰਨੇ ਦੇ ਰਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ, ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਕੱਪੜਿਆਂ ਦੇ ਨਾਲ ਚੰਗੀ ਤਰ੍ਹਾਂ ਢੱਕ ਲਿਆ ਜਾਵੇ ਤੇ ਹੋ ਸਕੇ ਤਾਂ ਧੁੱਪ ਵਿਚੋ ਨਿਕਲਣ ਤੋਂ ਪ੍ਰਹੇਜ ਕੀਤਾ ਜਾਵੇ, ਲੋਕ ਗਰਮੀ ਤੋਂ ਬਚਣ ਲਈ ਦੁਕਾਨਾਂ ਤੇ ਘਰਾਂ ਵਿਚ ਕੂਲਰ ਤੇ ਏ.ਸੀ. ਦੀ ਵਰਤੋਂ ਕਰਨ ਲੱਗ ਪਏ ਹਨ ਪਰ ਆਪਣੇ ਪਰਿਵਾਰ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਮਿਹਨਤ-ਮਜ਼ਦੂਰੀ ਕਰਦੇ ਲੋਕਾਂ ਨੂੰ ਮਜਬੂਰੀ ਵੱਸ ਕੜਕਦੀ ਧੁੱਪ ਵਿਚ ਕੰਮ ਕਰਨਾ ਪੈ ਰਿਹਾ ਹੈ |