ਕਪੂਰਥਲਾ, 23 ਅਪ੍ਰੈਲ (ਅਮਰਜੀਤ ਸਿੰਘ ਸਡਾਨਾ, ਅਮਨਜੋਤ ਸਿੰਘ ਵਾਲੀਆ)-ਔਜਲਾ ਰੋਡ 'ਤੇ ਗੈਸ ਏਜੰਸੀ ਦੇ ਬਾਹਰੋਂ ਕਾਰ ਸਵਾਰ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ ਪਿਸਤੌਲ ਵਿਖਾ ਕੇ ਅਗਵਾ ਕਰਨ ਉਪਰੰਤ ਪਿੰਡ ਦਿਆਲਪੁਰ ਨੇੜੇ ਉਸ ਦੀ ਕੁੱਟਮਾਰ ਕਰਕੇ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਨੌਜਵਾਨ ਦੀਪਕ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਵਰਿ੍ਹਆਂ ਦੋਨਾ ਦੇ ਚਾਚਾ ਸੁਖਪਾਲ ਸਿੰਘ ਨੇ ਦੱਸਿਆ ਕਿ ਦੀਪਕ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਇਕ ਠੇਕੇਦਾਰ ਨਾਲ ਕੰਮ ਕਰਦਾ ਸੀ ਤੇ ਅੱਜ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਾਰ 'ਤੇ ਆਏ ਕੁੱਝ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਉਸ ਦੇ ਭਤੀਜੇ ਨੂੰ ਅਗਵਾ ਕਰ ਲਿਆ ਤੇ ਸਾਨੂੰ ਕੁੱਝ ਦੇਰ ਬਾਅਦ ਪਤਾ ਲੱਗਾ ਕਿ ਦੀਪਕ ਦੀ ਲਾਸ਼ ਦਿਆਲਪੁਰ ਨੇੜੇ ਪਈ ਹੈ | ਇਸ ਸਬੰਧੀ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਉਪਰੰਤ ਦਿਆਲਪੁਰ ਨੇੜਿਓਾ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਦੀਪਕ ਦਾ ਲਾਲਾ ਨਾਂਅ ਦੇ ਇਕ ਵਿਅਕਤੀ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਪਤਾ ਲੱਗਾ ਹੈ ਕਿ ਕੁੱਝ ਮਹੀਨੇ ਪਹਿਲਾਂ ਦੀਪਕ ਨੇ ਲਾਲਾ ਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਸੀ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ |
ਗੈਸ ਏਜੰਸੀ ਦੇ ਬਾਹਰੋਂ ਪਿਸਤੌਲ ਵਿਖਾ ਕੇ ਨੌਜਵਾਨ ਨੂੰ ਅਗਵਾ ਕਰਕੇ ਕੀਤੀ ਹੱਤਿਆ <br/>
ਅਜੀਤ ਡੈਸਕ
24-04-2026