ਧਾਰੀਵਾਲ, 25 ਅਪ੍ਰੈਲ (ਜੇਮਸ ਨਾਹਰ)- ਧਾਰੀਵਾਲ ਸ਼ਹਿਰ ਦੇ ਗਲੀ-ਮੁਹੱਲਿਆਂ ਵਿਚ ਖੁੱਲੀਆਂ ਸ਼ਰਾਬ ਵੇਚਣ ਦੀਆਂ ਕਥਿਤ ਨਾਜਾਇਜ਼ ਬ੍ਰਾਂਚਾਂ ਨੂੰ ਬੰਦ ਕਰਵਾਉਣ ਲਈ ਕਿ੍ਸ਼ਚੀਅਨ ਨੈਸ਼ਨਲ ਫਰੰਟ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਮਿਲੇਗਾ | ਇਸ ਸੰਬੰਧੀ ਕਿ੍ਸ਼ਚੀਅਨ ਨੈਸ਼ਨਲ ਫਰੰਟ ਦੇ ਸੂਬਾ ਯੂਥ ਪ੍ਰਧਾਨ ਬੱਬਾ ਗਿੱਲ ਨੇ ਕਿਹਾ ਕਿ ਗੰਦੀ ਸ਼ਰਾਬ ਪੀਣ ਨਾਲ ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ ਤੇ ਵਿਆਹੁਤਾ ਔਰਤਾਂ ਦੇ ਸੁਹਾਗ ਉਜੜ ਰਹੇ ਹਨ | ਉਨ੍ਹਾਂ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਗਰੂਕਤਾ ਕੈਂਪ ਲਗਾ ਕੇ ਨਸ਼ੇ ਦੀ ਵਰਤੋਂ ਨਾ ਕਰਨ ਲਈ ਆਮ ਲੋਕਾਂ ਤੇ ਨੌਜਵਾਨਾਂ ਨੂੰ ਖਾਸ ਕਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਿਲਕੁਲ ਉਲਟ ਜਨਤਕ ਥਾਵਾਂ 'ਤੇ ਸ਼ਰਾਬ ਦੇ ਠੇਕੇ ਖੋਲ ਕੇ ਅਤੇ ਗੈਰ-ਕਾਨੂੰਨੀ ਢੰਗ ਨਾਲ ਗਲੀ-ਮੁਹੱਲਿਆਂ ਵਿਚ ਲੋਕਾਂ ਨੂੰ ਨਸ਼ੇ ਦੀ ਵਰਤੋਂ ਕਰਨ ਲਈ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਬ੍ਰਾਂਚਾਂ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਦੀ ਜਥੇਬੰਦੀ ਦੇ ਵਫ਼ਦ ਵਲੋਂ ਉਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਮੰਗ ਪੱਤਰ ਸੌਂਪੇ ਜਾਣਗੇ, ਜੇਕਰ ਫਿਰ ਵੀ ਇਹ ਸਿਲਸਿਲਾ ਖ਼ਤਮ ਨਾ ਹੋਇਆ ਤਾਂ ਕਿ੍ਸ਼ਚਨ ਨੈਸ਼ਨਲ ਫਰੰਟ ਅਣਮਿਥੇ ਸਮੇਂ ਲਈ ਇਕਜੁੱਟ ਹੋ ਕੇ ਸੰਘਰਸ਼ ਸ਼ੁਰੂ ਕਰੇਗਾ |