ਪਠਾਨਕੋਟ, 1 ਮਈ (ਸੰਧੂ)-ਅੱਜ ਸੀ.ਪੀ.ਆਈ. (ਐਮ.) ਵਲੋਂ ਪਾਰਟੀ ਦਫ਼ਤਰ ਗਾਂਧੀ ਚੌਕ ਪਠਾਨਕੋਟ ਵਿਖੇ ਮਜ਼ਦੂਰ ਦਿਵਸ ਦੇ ਇਤਿਹਾਸਕ ਦਿਨ ਪਾਰਟੀ ਦਾ ਝੰਡਾ ਝੁਲਾਇਆ ਗਿਆ | ਝੰਡਾ ਝੁਲਾਉਣ ਦੀ ਰਸਮ ਕਾ: ਦੇਵੀ ਸੈਣੀ ਵਲੋਂ ਅਦਾ ਕੀਤੀ ਗਈ | ਇਸ ਤੋਂ ਪਹਿਲਾਂ ਕਾ: ਸੁਰਿੰਦਰ ਸਹਿਗਲ ਜ਼ਿਲ੍ਹਾ ਸਕੱਤਰ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਸ਼ੋਤਮ ਬੜੋਈ, ਬਲਵੰਤ ਸਿੰਘ, ਦੇਵੀ ਸੈਣੀ, ਅਵਿਨਾਸ਼ ਸੈਣੀ, ਵਿਜੇ ਕੁਮਾਰ, ਜਗਦੀਸ਼ ਰਾਜ, ਚਮਨ ਲਾਲ, ਰਾਜੇਸ਼ ਜਸਰੋਟੀਆ, ਕੇਵਲ ਕਾਲੀਆ, ਬਿਕਰਮਜੀਤ, ਸਤਪ੍ਰਕਾਸ਼, ਰਾਜ ਕੁਮਾਰ ਤੇ ਰਾਜਿੰਦਰ ਦੱਤਾ ਹਾਜ਼ਰ ਸਨ | ਆਗੂਆਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਆਗੂਆਂ ਨੇ ਕਿਹਾ ਕਿ ਮਜ਼ਦੂਰ ਜਮਾਤ ਨੇ ਲੰਬੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕਾਂ 'ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੱਡੇ ਵਾਰ ਕੀਤੇ ਹਨ ਤੇ ਉਨ੍ਹਾਂ ਹੱਕਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ ਜਿਸ ਨਾਲ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਨਹੀਂ ਮਿਲਦੀ | ਸੇਵਾ ਮੁਕਤੀ ਤੋਂ ਬਾਅਦ ਮਿਲਦੇ ਲਾਭ ਅਤੇ ਪੈਨਸ਼ਨਾਂ ਬੰਦ ਕਰ ਦਿੱਤੇ ਹਨ | ਪ੍ਰਾਈਵੇਟ ਅਦਾਰੇ ਜ਼ਿਆਦਾ ਸਮਾਂ ਕੰਮ ਕਰਵਾ ਕੇ ਨਿਗੁਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ | ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਲਿਆਂਦੇ ਨਵੇਂ ਕਾਨੰੂਨ ਨੇ ਮਜ਼ਦੂਰਾਂ ਦੇ ਰੁਜ਼ਗਾਰ ਦੀ ਗਰੰਟੀ ਖ਼ਤਮ ਕਰ ਦਿੱਤੀ ਹੈ | ਨੌਜਵਾਨ ਬੇਰੁਜ਼ਗਾਰ ਹੋ ਕੇ ਗ਼ਲਤ ਰਸਤੇ 'ਤੇ ਪੈ ਰਹੇ ਹਨ | ਹੱਕ ਮੰਗਦੇ ਮਜ਼ਦੂਰਾਂ 'ਤੇ ਜ਼ੁਲਮ ਕੀਤੇ ਜਾਂਦੇ ਹਨ | ਆਗੂਆਂ ਨੇ ਕਿਹਾ ਕਿ ਆਓ ਹੱਕਾਂ ਦੀ ਰਾਖੀ ਲਈ ਸੰਘਰਸ਼ ਦਾ ਅਹਿਦ ਕਰੀਏ |