ਕਾਹਨੂੰਵਾਨ, 2 ਮਈ (ਨਿਸ਼ਾਨ ਸਿੰਘ ਚਾਹਲ)-ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਬਾਲਗ ਲੜਕੀਆਂ ਨੂੰ ਭਜਾਉਣ ਦੇ ਦੋ ਮਾਮਲਿਆਂ ਵਿਚ ਥਾਣਾ ਕਾਹਨੂੰਵਾਨ ਦੀ ਪੁਲਿਸ ਵਲੋਂ 2 ਨੌਜਵਾਨਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਨਜ਼ਦੀਕੀ ਪਿੰਡ ਧੰਦਲ ਦੀ ਇਕ ਔਰਤ ਵਲੋਂ ਥਾਣਾ ਕਾਹਨੂੰਵਾਨ ਵਿਚ ਲਿਖਾਈ ਰਿਪੋਰਟ ਵਿਚ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ | ਬੀਤੇ ਦਿਨੀਂ ਉਸ ਦੀ ਮਾਂ ਦੀ ਮੌਤ ਹੋ ਜਾਣ ਕਾਰਨ ਉਹ ਪੇਕੇ ਪਿੰਡ ਗਈ ਹੋਈ ਸੀ, ਜਦੋਂ ਉਹ ਘਰ ਵਾਪਸ ਪਰਤੀ ਤਾਂ ਉਸ ਦੀ ਲੜਕੀ ਘਰ ਵਿਚ ਮੌਜੂਦ ਨਹੀਂ ਸੀ | ਉਸ ਵਲੋਂ ਨਜ਼ਦੀਕੀ ਘਰਾਂ ਅਤੇ ਰਿਸ਼ਤੇਦਾਰਾਂ ਕੋਲੋਂ ਪਤਾ ਕਰਨ 'ਤੇ ਜਦੋਂ ਉਹ ਨਾ ਮਿਲੀ ਤਾਂ ਉਸ ਨੇ ਘਰ ਦੇ ਸਾਮਾਨ ਨੂੰ ਚੈੱਕ ਕੀਤਾ ਤਾਂ ਘਰ ਦੇ ਵਿਚੋਂ ਉਸ ਦੀ ਲੜਕੀ ਆਪਣੇ ਦਸਤਾਵੇਜ, ਦੋ ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 50 ਹਜ਼ਾਰ ਰੁਪਏ ਲੈ ਕੇ ਅਵਤਾਰ ਸਿੰਘ ਵਾਸੀ ਵਰਸਾਲ ਚੱਕ ਨਾਲ ਕਿਤੇ ਚਲੀ ਗਈ ਹੈ, ਜੋ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੈ ਗਿਆ ਹੈ | ਥਾਣਾ ਕਾਹਨੂੰਵਾਨ ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਕੇ ਲੜਕੀ ਦੀ ਭਾਲ ਸੁਰੂ ਕਰ ਦਿੱਤੀ ਗਈ ਹੈ | ਇਸੇ ਹੀ ਤਰ੍ਹਾਂ ਕਸਬਾ ਕਾਹਨੂੰਵਾਨ ਦੀ ਇਕ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ | ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਹ ਆਪਣੀਆਂ ਦੋ ਬੇਟੀਆਂ ਅਤੇ ਬੇਟੇ ਦੇ ਨਾਲ ਰਹਿ ਰਹੀ ਹੈ | ਬੀਤੇ ਦਿਨੀਂ ਉਸ ਦੀ ਬੇਟੀ ਘਰੋਂ ਕੋਈ ਜ਼ਰੂਰੀ ਸਾਮਾਨ ਲੈਣ ਲਈ ਗਈ, ਪਰ ਉਹ ਵਾਪਸ ਘਰ ਨਹੀਂ ਪਰਤੀ | ਉਸ ਨੇ ਉਸ ਦੀ ਆਪਣੇ ਰਿਸ਼ਤੇਦਾਰਾਂ ਕੋਲ ਵੀ ਭਾਲ ਕੀਤੀ, ਪਰ ਉਹ ਕਿਧਰੇ ਵੀ ਨਹੀਂ ਮਿਲੀ | ਉਸ ਨੇ ਕਿਹਾ ਕਿ ਉਸ ਨੂੰ ਹੁਣ ਪਤਾ ਲੱਗਾ ਹੈ ਕਿ ਉਸ ਨੂੰ ਰਾਹੁਲ ਵਾਸੀ ਹੰਬੋਵਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਕੇ ਕਿਤੇ ਫਰਾਰ ਹੋ ਗਿਆ ਹੈ | ਇਸ ਮਾਮਲੇ ਵਿਚ ਵੀ ਪੁਲਿਸ ਵਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਨੌਜਵਾਨ ਅਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |