ਬਟਾਲਾ, 2 ਮਈ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਨੌਜਵਾਨ ਵਰਗ ਨੂੰ ਕਿਹਾ ਕਿ ਉਹ ਵਿਦੇਸ਼ ਜਾਣ ਦੀ ਬਜਾਏ ਪੰਜਾਬ ਨੂੰ ਦੇਸ਼ ਦੀ ਅਗਵਾਈ ਕਰਨ ਦੇ ਯੋਗ ਬਣਾਵੇ ਅਤੇ ਪੰਜਾਬ ਨੂੰ ਆਈ.ਟੀ. ਹੱਬ ਵਜੋਂ ਵਿਕਸਤ ਕਰਨ ਲਈ ਨੌਜਵਾਨ ਵਰਗ ਮਿਹਨਤ ਕਰੇ | ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਮਿਹਨਤ, ਹੁਨਰ ਅਤੇ ਜਜਬੇ ਦੀ ਧਰਤੀ ਰਿਹਾ ਹੈ | ਇਥੋਂ ਦੇ ਨੌਜਵਾਨਾਂ ਨੇ ਦੁਨੀਆ ਦੇ ਹਰ ਕੋਨੇ ਵਿਚ ਆਪਣੀ ਕਾਬਲੀਅਤ ਨਾਲ ਕਾਮਯਾਬੀ ਦੀਆਂ ਕਹਾਣੀਆਂ ਲਿਖੀਆਂ ਹਨ | ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਦੇ ਦੇਸ਼ਾਂ ਵਿਚ ਪੰਜਾਬ ਦੇ ਨੌਜਵਾਨ ਅੱਜ ਵੀ ਮਿਹਨਤ ਅਤੇ ਸਮਰਪਣ ਨਾਲ ਆਪਣੀ ਪਛਾਣ ਬਣਾ ਰਹੇ ਹਨ, ਪਰ ਇਕ ਸੱਚਾਈ ਸਾਨੂੰ ਸਵੀਕਾਰ ਕਰਨੀ ਪਵੇਗੀ ਕਿ ਪੰਜਾਬ ਆਪਣੀ ਸਭ ਤੋਂ ਵੱਡੀ ਤਾਕਤ, ਆਪਣੇ ਨੌਜਵਾਨ ਪੀੜ੍ਹੀ ਨੂੰ ਹੌਲੀ-ਹੌਲੀ ਆਪਣੇ ਹੱਥੋਂ ਦੂਰ ਭੇਜਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵਿਚ ਉੱਚ ਸਿੱਖਿਆ ਪ੍ਰਾਪਤ ਵਿਦੇਸੀ ਸੋਚ ਦੇ ਨਾਲ ਉਦਯੋਗਕ ਪਿਛੋਕੜ ਅਤੇ ਮਿਹਨਤ ਕਰਨ ਦੀ ਸੰਸਕਿ੍ਤੀ ਜੇਕਰ ਇਹ ਸਾਰੇ ਤੱਤ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਆਈ.ਟੀ. ਹੱਬ ਬਣਨ ਤੋਂ ਕੋਈ ਨਹੀਂ ਰੋਕ ਸਕਦਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ, ਜਿਵੇਂ ਸਟਾਰਟ ਅੱਪ, ਡਿਜੀਟਲ ਇੰਡੀਆ ਅਤੇ ਮੇਕ ਇੰਨ ਇੰਡਿਆ ਨੌਜਵਾਨਾਂ ਲਈ ਵੱਡੇ ਮੌਕੇ ਖੋਲ ਰਹੀਆਂ ਹਨ | ਅੱਜ ਨੌਜਵਾਨ ਆਪਣੇ ਘਰ ਬੈਠ ਕੇ ਵੀ ਗਲੋਬਲ ਗ੍ਰਾਹਕਾਂ ਨਾਲ ਕੰਮ ਕਰ ਸਕਦਾ ਹੈ, ਸਟਾਰਟਅਪ ਸ਼ੁਰੂ ਕਰ ਸਕਦਾ ਹੈ ਅਤੇ ਡਿ ਜ਼ਿਟਲ ਸਰਵਿਸਜ਼ ਰਾਹੀਂ ਕਰੋੜਾਂ ਦੀ ਕਮਾਈ ਕਰ ਸਕਦਾ ਹੈ | ਗਿੱਲ ਨੇ ਦੱਸਿਆ ਕਿ ਪੰਜਾਬ ਨੂੰ ਬਦਲਣ ਲਈ ਨਾ ਤਾਂ ਬਾਹਰੋਂ ਕਿਸੇ ਦੀ ਲੋੜ ਹੈ, ਨਾ ਹੀ ਕਿਸੇ ਵੱਡੇ ਚਮਤਕਾਰ ਦੀ | ਲੋੜ ਸਿਰਫ ਇਹ ਹੈ ਕਿ ਸਾਡਾ ਨੌਜਵਾਨ ਵਾਪਸ ਆਵੇ, ਆਪਣੇ ਉੱਤੇ ਵਿਸਵਾਸ ਕਰੇ ਅਤੇ ਆਪਣੇ ਪੰਜਾਬ ਨੂੰ ਬਣਾਉਣ ਦਾ ਫੈਸਲਾ ਕਰੇ | ਗਿੱਲ ਨੇ ਆਸ ਜਤਾਈ ਹੈ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਮੁੜ ਉਦਯੋਗ ਅਤੇ ਟੈਕਨਾਲੋਜੀ ਦੇ ਖੇਤਰ ਵਿਚ ਦੇਸ਼ ਦੀ ਅਗਵਾਈ ਕਰੇਗਾ |