ਬਟਾਲਾ, 4 ਮਈ (ਸਤਿੰਦਰ ਸਿੰਘ)-ਬਿਰਹਾ ਦੇ ਸੁਲਤਾਨ, ਪੰਜਾਬ ਦੇ ਸਿਰਮੌਰ ਕਵੀ, ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਜਲੰਧਰ ਰੋਡ ਬਟਾਲਾ ਵਿਖੇ ਮਨਾਈ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਵਿਜੇ ਸੋਨੀ, ਪ੍ਰਧਾਨ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਵਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਕਵੀ ਦਰਬਾਰ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸ਼ਿਰਕਤ ਕਰਨਗੇ | ਪ੍ਰਧਾਨ ਵਿਜੇ ਸੋਨੀ ਨੇ ਦੱਸਿਆ ਕਿ 6 ਮਈ ਨੂੰ ਸਵੇਰੇ 10 ਵਜੇ ਸਮਾਗਮ ਦੀ ਸ਼ੁਰੂਆਤ ਹੋਵੇਗੀ | ਸਭ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਦੇ ਬੁੱਤ ਨੂੰ ਫੁੱਲ ਅਰਪਨ ਕੀਤੇ ਜਾਨਣਗੇ | ਉਪਰੰਤ ਸ਼ਿਵ ਕੁਮਾਰ ਬਟਾਲਵੀ ਦੀ ਪੰਜਾਬੀ ਕਾਵਿ ਨੂੰ ਦੇਣ ਬਾਰੇ ਵਿਚਾਰ ਚਰਚਾ, ਕਵੀ ਦਰਬਾਰ ਅਤੇ ਸ਼ਿਵ ਕਾਵਿ ਗਾਇਨ ਹੋਵੇਗਾ | ਉਨ੍ਹਾਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ |