ਪਠਾਨਕੋਟ, 5 ਮਈ (ਵਿਨੋਦ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਦੱਸਿਆ ਕਿ ਸਿਉਂਟੀ/ਕੁਠੇੜ ਪਿੰਡ ਦੀ ਸੰਪਰਕ ਸੜਕ ਦਾ ਨਿਰਮਾਣ ਕਾਰਜ ਮੰਡੀ ਬੋਰਡ ਵਿਭਾਗ ਵਲੋਂ 40 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸੁਜਾਨਪੁਰ ਵਿਧਾਨ ਸਭਾ ਹਲਕੇ ਦੀਆਂ 22 ਸੜਕਾਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸੁਜਾਨਪੁਰ ਵਿਧਾਨ ਸਭਾ ਹਲਕੇ 'ਚ 22 ਸੜਕਾਂ ਬਣਾਉਣ ਤੋਂ ਬਾਅਦ ਹਲਕੇ ਦੀਆਂ ਸਾਰੀਆਂ ਸੜਕਾਂ ਦਾ ਕੰਮ ਪੂਰਾ ਕੀਤਾ ਜਾਵੇਗਾ | ਜਿਸ ਤਹਿਤ ਹਲਕੇ ਦੀਆਂ ਸਾਰੀਆਂ ਸੰਪਰਕ ਸੜਕਾਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਨਤਾ ਦੇ ਹਿਤ ਵਿਚ ਫ਼ੈਸਲੇ ਲੈ ਰਹੇ ਹਨ | ਜਿਸ ਤਹਿਤ ਸੁਜਾਨਪੁਰ ਦੇ ਵਿਕਾਸ ਕਾਰਜ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵਿਭਾਗ ਵਲੋਂ ਇਨ੍ਹਾਂ ਸੜਕਾਂ ਦਾ ਨਿਰਮਾਣ ਕਾਰਜ ਜਲਦੀ ਹੀ ਪੂਰਾ ਕੀਤਾ ਜਾਵੇਗਾ | ਉਨ੍ਹਾਂ ਸੁਜਾਨਪੁਰ ਹਲਕੇ ਦੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਦਾ ਧੰਨਵਾਦ ਕੀਤਾ | ਇਸ ਦੇ ਨਾਲ ਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਸੁਜਾਨਪੁਰ ਹਲਕੇ ਦੇ ਬੂਥ ਨੰਬਰ-86 ਵਿਸ਼ਨੂੰ ਨਗਰ ਲਮੀਨੀ ਤੋਂ ਇਕ ਯਾਤਰੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਸਰਪੰਚ ਸੁਮਨ ਠਾਕੁਰ, ਐਸ.ਡੀ.ਓ. ਰੋਹਨ ਕੋਹਾਲ, ਕਰਨ ਸਿੰਘ, ਬਿੰਦੂ, ਗੋਰਾ, ਗੁਲਸ਼ਨ, ਨੀਤੂ ਫ਼ੌਜੀ, ਅਸ਼ੋਕ ਕੁਮਾਰ, ਸਾਬੂ ਅਤੇ ਓ.ਪੀ. ਸਿੰਘ ਆਦਿ ਮੌਜੂਦ ਸਨ |