ਅਕਸਰ ਸੁਣਨ 'ਚ ਆਉਂਦਾ ਹੈ ਕਿ ਜੇਕਰ ਕਿਸਮਤ ਲਿਖਣ ਦਾ ਹੱਕ ਮਾਂ ਕੋਲ ਹੁੰਦਾ ਤਾਂ ਸ਼ਾਇਦ ਇਸ ਦੁਨੀਆ 'ਤੇ ਕੋਈ ਵੀ ਦੁਖੀ ਨਾ ਹੁੰਦਾ | ਭਾਵੇਂ ਕਿ ਕਿਸਮਤ ਲਿਖਣ ਦਾ ਹੱਕ ਮਾਂ ਨੰੂ ਨਹੀਂ ਮਿਲਿਆ ਹੈ ਪਰ ਆਪਣੇ ਬੱਚਿਆਂ ਦੀ ਕਿਸਮਤ ਤੇ ਭਵਿੱਖ ਸੰਵਾਰਨ ਲਈ ਇਕ ਮਾਂ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੀ ਹੈ | ਅਜਿਹੀ ਹੀ ਇਕ ਕਹਾਣੀ ਪੰਜਾਬ ਪੁਲਿਸ ਵਿਚ ਬਤੌਰ ਹੈੱਡ ਕਾਂਸਟੇਬਲ ਸੇਵਾ ਨਿਭਾਅ ਰਹੀ ਸਰਬਜੀਤ ਕੌਰ ਦੀ ਹੈ ਜਿਨ੍ਹਾਂ ਦੇ ਪਤੀ ਸਿਪਾਹੀ ਨਰਿੰਦਰ ਸਿੰਘ ਅਪ੍ਰੈਲ 2010 ਨੰੂ ਨਰੋਟ ਜੈਮਲ ਸਿੰਘ ਵਿਖੇ ਦਹਿਸ਼ਤਗਰਦਾਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ ਸਨ | ਸ਼ਹੀਦ ਨਰਿੰਦਰ ਸਿੰਘ ਦੀ ਮੌਤ ਸਮੇਂ ਸਰਬਜੀਤ ਕੋਲ 9 ਸਾਲਾ ਧੀ ਸੋਨਮਪ੍ਰੀਤ ਕੌਰ ਤੇ 5 ਸਾਲਾ ਧੀ ਸੁਖਮੀਤ ਕੌਰ ਸਨ | ਸ਼ਹੀਦ ਮਨਿੰਦਰ ਸਿੰਘ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਦੇ ਘਰ ਪੁੱਤਰ ਨਵਜਿੰਦਰ ਸਿੰਘ ਨੇ ਜਨਮ ਲਿਆ | ਸਮੇਂ ਦੀ ਸਰਕਾਰ ਵਲੋਂ ਸਿਪਾਹੀ ਨਰਿੰਦਰ ਸਿੰਘ ਦੀ ਸ਼ਹਾਦਤ ਨੰੂ ਧਿਆਨ ਵਿਚ ਰੱਖਦੇ ਹੋਏ ਸਰਬਜੀਤ ਕੌਰ ਨੰੂ ਪੰਜਾਬ ਪੁਲਿਸ 'ਚ ਬਤੌਰ ਸਿਪਾਹੀ ਨੌਕਰੀ ਦੇ ਦਿੱਤੀ ਜਿਸ ਤੋਂ ਬਾਅਦ ਇਕ ਮਾਂ ਵਲੋਂ ਆਪਣੇ ਤਿੰਨਾਂ ਬੱਚਿਆਂ ਦੀ ਪਰਵਰਿਸ਼ ਅਤੇ ਪਰਿਵਾਰ ਦੇ ਨਿਰਬਾਹ ਲਈ ਪੈਸੇ ਜੁਟਾਉਣ ਲਈ ਖੁਦ ਨੰੂ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ | ਸਰਬਜੀਤ ਕੌਰ ਅਨੁਸਾਰ ਉਨ੍ਹਾਂ ਦੀ ਜ਼ਿੰਦਗੀ ਦੀ ਇਸ ਦੌੜ 'ਚ ਉਨ੍ਹਾਂ ਦੀ ਮਾਤਾ ਤੇ ਭੈਣ ਭਰਾਵਾਂ ਦਾ ਵੱਡਾ ਸਾਥ ਰਿਹਾ | ਜ਼ਿੰਦਗੀ ਵਿਚ ਆਈਆਂ ਸੈਂਕੜੇ ਔਕੜਾਂ ਤੋਂ ਬਾਅਦ ਵੀ ਮਾਂ ਸਰਬਜੀਤ ਕੌਰ ਵਲੋਂ ਆਪਣੇ ਬੱਚਿਆਂ ਦੀ ਕਿਸਮਤ ਨੰੂ ਨਿਖਾਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ | ਉਨ੍ਹਾਂ ਦੀ ਆਪਣੇ ਬੱਚਿਆਂ ਲਈ ਕੀਤੀ ਅਣਥੱਕ ਮਿਹਨਤ ਸਦਕਾ ਅੱਜ ਉਨ੍ਹਾਂ ਦੀ ਵੱਡੀ ਧੀ ਸੋਨਮਪ੍ਰੀਤ ਕੌਰ ਕੈਨੇਡਾ ਜੇਲ੍ਹ ਪੁਲਿਸ 'ਚ ਸੇਵਾ ਨਿਭਾਅ ਰਹੀ ਹੈ, ਛੋਟੀ ਧੀ ਸੁਖਮੀਤ ਕੌਰ ਦੁਖੀ ਤੇ ਬਿਮਾਰੀ ਨਾਲ ਘਿਰੇ ਹੋਏ ਲੋਕਾਂ ਦੀ ਸੇਵਾ ਕਰਨ ਲਈ ਬੀ.ਐਸ.ਸੀ. ਨਰਸਿੰਗ ਦੀ ਡਿਗਰੀ ਕਰ ਰਹੀ ਹੈ ਤੇ ਸਭ ਤੋਂ ਛੋਟਾ ਪੁੱਤਰ ਨਵਜਿੰਦਰ ਸਿੰਘ ਦਸਵੀਂ ਜਮਾਤ ਵਿਚ ਪੜ੍ਹ ਰਿਹਾ ਹੈ ਜੋ ਆਪਣੀ ਮਾਂ ਦੀ ਸਿੱਖਿਆ 'ਤੇ ਚੱਲਦਾ ਹੋਇਆ ਆਪਣੇ ਪਿਤਾ ਵਾਂਗ ਹੀ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ |