ਪਠਾਨਕੋਟ, 12 ਮਈ (ਸੰਧੂ)-ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਇਸ ਮੌਕੇ ਸਕੂਲ 'ਚ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਦੀ ਅਗਵਾਈ ਪਿ੍ੰਸੀਪਲ ਮਧੂ ਸਲਾਰੀਆ ਨੇ ਕੀਤੀ, ਜਦਕਿ ਸਕੂਲ ਮੈਨੇਜਰ ਅਰੁਣ ਗਾਂਧੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਪਿ੍ੰਸੀਪਲ ਮਧੂ ਸਲਾਰੀਆ ਨੇ ਦੱਸਿਆ ਕਿ ਦਸਵੀਂ ਜਮਾਤ 'ਚ ਸਕੂਲ ਦੇ 58 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ 43 ਵਿਦਿਆਰਥੀਆਂ ਨੇ ਪਹਿਲੀ ਸ਼੍ਰੇਣੀ ਤੇ 15 ਵਿਦਿਆਰਥੀਆਂ ਨੇ ਦੂਜੀ ਸ਼੍ਰੇਣੀ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਵਿਦਿਆਰਥਣ ਤਨੀਸ਼ਾ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅੰਕਿਤਾ ਨੇ 90 ਫੀਸਦੀ ਅੰਕਾਂ ਨਾਲ ਦੂਜਾ ਤੇ ਦਿ੍ਸ਼ਟੀ ਨੇ 89 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਸਾਰੇ ਵਿਦਿਆਰਥੀਆਂ ਨੇ ਉਤਕਿ੍ਸ਼ਟ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਮਧੂ ਸਲਾਰੀਆ ਤੇ ਮੈਨੇਜਰ ਅਰੁਣ ਗਾਂਧੀ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਫਲਤਾ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |