ਪਠਾਨਕੋਟ, 12 ਮਈ (ਸੁਮਿਤ)-ਅੱਜ ਪੰਜਾਬ ਪ੍ਰਭਾਰੀ ਸ੍ਰੀ ਹਰੀ ਨਰਾਇਣ ਜੀ ਗਊ ਸਨਮਾਨ ਆਹਵਾਨ ਅਭਿਆਨ ਦੇ ਦੂਜੇ ਚਰਨ ਦੀ ਮੀਟਿੰਗ ਲਈ ਪਠਾਨਕੋਟ ਦੇ ਰਾਮ-ਲੀਲ੍ਹਾ ਮੈਦਾਨ 'ਚ ਪਹੁੰਚੇ | ਇਸ ਮੌਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਗਊ ਸਨਮਾਨ ਅਭਿਆਨ ਦੇ ਪਹਿਲੇ ਚਰਨ ਦੀ ਸਫਲਤਾ ਲਈ ਸਾਰੇ ਗਊ ਭਗਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਦੇ ਦਿਲਾਂ 'ਚ ਗਊ ਮਾਤਾ ਦੇ ਸਨਮਾਨ ਲਈ ਜਾਗਰੂਕਤਾ ਪੈਦਾ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਚਰਨ ਦੌਰਾਨ ਆਈਆਂ ਮੁਸ਼ਕਿਲਾਂ ਬਾਰੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਦੂਜੇ ਗਊ ਆਹਵਾਨ ਅਭਿਆਨ ਨੂੰ ਕਿਵੇਂ ਸਫਲ ਬਣਾਇਆ ਜਾਵੇ, ਇਸ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਦੂਜੇ ਚਰਨ ਦੀ ਮੀਟਿੰਗ 'ਚ ਜ਼ਿਲ੍ਹਾ ਪੱਧਰ 'ਤੇ ਸਭ ਨੂੰ ਵੱਧ ਤੋਂ ਵੱਧ ਹਸਤਾਖ਼ਰ ਕਰਵਾਉਣ ਲਈ ਕਿਹਾ ਗਿਆ, ਤਾਂ ਜੋ ਗਊ ਹੱਤਿਆ 'ਤੇ ਰੋਕ ਲਗਾਉਣ ਤੇ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਐਲਾਨ ਕਰਨ ਲਈ ਸਰਕਾਰ ਤੱਕ ਵੱਡੇ ਪੱਧਰ 'ਤੇ ਸੰਦੇਸ਼ ਪਹੁੰਚਾਇਆ ਜਾ ਸਕੇ | ਇਸ ਮੌਕੇ ਉਨ੍ਹਾਂ ਸਾਰੀਆਂ ਸਤਿਸੰਗ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਧਾਰਮਿਕ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ 15 ਤੋਂ 20 ਮਿੰਟ ਤੱਕ ਗਊ ਸੇਵਾ ਅਭਿਆਨ ਬਾਰੇ ਜਾਣਕਾਰੀ ਦੇਣ ਨੂੰ ਜ਼ਰੂਰੀ ਦੱਸਿਆ | ਇਸ ਮੌਕੇ ਆਨੰਦ ਪ੍ਰਕਾਸ਼, ਸੁਸ਼ੀਲ ਸ਼ਰਮਾ, ਮਨਮੋਹਨ ਕਾਲਾ, ਮਨਮੋਹਨ ਬਿੱਲਾ, ਰਾਜਿੰਦਰ ਸ਼ਰਮਾ, ਵਿਨੋਦ ਅਗਰਵਾਲ, ਵਿਮਲ ਛਾਬੜਾ, ਸ਼ਸ਼ੀ ਮਹਾਜਨ, ਨੀਲਮ ਸੈਣੀ, ਸਰੋਜ ਸ਼ਰਮਾ, ਰੰਜਨਾ ਮਹਾਜਨ, ਅੰਜਲੀ ਅਰੋੜਾ, ਸਰੋਜ ਸਮੇਤ ਹੁਸ਼ਿਆਰਪੁਰ, ਅੰਮਿ੍ਤਸਰ ਅਤੇ ਮੁਕੇਰੀਆਂ ਤੋਂ ਆਏ ਹੋਏ ਗਣਮਾਨਯ ਵਿਅਕਤੀ ਹਾਜ਼ਰ ਰਹੇ |