ਕਲਾਨੌਰ, 20 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਇਕ ਪਰਿਵਾਰ ਦੇ ਘਰ ਲੱਗੇ ਏ.ਸੀ. ਦਾ ਬਲੋਰ ਫਟਣ ਕਾਰਨ ਪਰਿਵਾਰ ਦਾ ਲੱਖਾਂ ਰੁਪਏ ਦੇ ਨੁਕਸਾਨ ਹੋ ਗਿਆ | ਕਲਾਨੌਰ ਦੇ ਅਦਾਲਤਪੁਰ ਮਾਰਗ 'ਤੇ ਸਥਿਤ ਹਰਮਨਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਉਸ ਵਲੋਂ ਏ.ਸੀ. ਨੂੰ ਚਲਾਇਆ ਗਿਆ ਸੀ ਤੇ ਕੁਝ ਸਮੇਂ ਲਈ ਉਹ ਕਮਰੇ 'ਚੋਂ ਬਾਹਰ ਚਲਾ ਗਿਆ ਅਤੇ ਜਦੋਂ ਵਾਪਸ ਆ ਕੇ ਵੇਖਿਆ ਤਾਂ ਕਮਰੇ ਧਮਾਕੇ ਦੀ ਆਵਾਜ਼ ਆਈ ਤੇ ਕਮਰੇ 'ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ | ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਗ ਦੀਆਂ ਲਪਟਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਗਈ, ਜਦਕਿ ਅੰਦਰ ਧੂੰਆ ਹੋਣ ਕਾਰਨ ਉਨ੍ਹਾਂ ਦੇ ਕਮਰੇ 'ਚ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਗਿਆ ਅਤੇ ਨਾਲ ਲਗਦੇ ਕਮਰਿਆਂ 'ਚ ਵੀ ਧੂੰਏ ਅਤੇ ਅੱਗ ਦੇ ਸੇਕ ਨਾਲ ਨੁਕਸਾਨ ਹੋਇਆ ਹੈ | ਪਰਿਵਾਰ ਨੇ ਦੱਸਿਆ ਕਿ ਇਸ ਧਮਾਕੇ ਤੋਂ ਬਾਅਦ ਉਨ੍ਹਾਂ ਦੇ ਕਮਰਿਆਂ ਦੇ ਸ਼ੀਸ਼ੇ ਨੁਕਸਾਨੇ ਗਏ ਤੇ ਘਰ ਦੀ ਇਮਾਰਤ ਵੀ ਨੁਕਸਾਨੀ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਤੇ ਸੇਕ ਏਨਾ ਤੇਜ਼ ਸੀ ਕਿ ਉਸ 'ਤੇ ਕਾਬੂ ਪਾਉਣ 'ਚ ਉਹ ਬੇਵੱਸ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕੀਮਤੀ ਸਾਮਾਨ ਸੜ ਗਿਆ | ਇਸ ਦੌਰਾਨ ਫਾਇਰ ਬਿ੍ਗੇਡ ਨੂੰ ਵੀ ਬੁਲਾਇਆ ਗਿਆ, ਜਦਕਿ ਪਹਿਲਾਂ ਹੀ ਅੱਗ ਨੇ ਘਰ ਦਾ ਨੁਕਸਾਨ ਕਰ ਦਿੱਤਾ | ਪਰਿਵਾਰਕ ਜੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਏ.ਸੀ. ਦੇ ਕੰਪਰੈਸ਼ਰ ਆਦਿ 'ਚ ਬਲਾਸਟ ਹੋਣ ਸਬੰਧੀ ਸੁਣਿਆ ਸੀ, ਜਦਕਿ ਉਨ੍ਹਾਂ ਘਰ ਏ.ਸੀ. ਦੇ ਬਲੋਰ ਜਿਸ ਰਾਹੀਂ ਠੰਡਕ ਨਿਕਲਦੀ ਹੈ, 'ਚ ਬਲਾਸਟ ਹੋਣਾ ਅਚੰਬਤ ਕਰਦਾ ਹੈ |