ਗੁਰਦਾਸਪੁਰ, 20 ਮਈ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪਾਵਰਕਾਮ ਨੇ ਸਾਬਕਾ ਬਿਜਲੀ ਮੰਤਰੀ ਦੇ ਆਦੇਸ਼ਾਂ 'ਤੇ ਬਿਨ੍ਹਾਂ ਕੁਝ ਸੋਚਿਆਂ ਪਾਵਰਕਾਮ ਦੇ ਨਵ-ਨਿਯੁਕਤ ਮੈਨੇਜਿੰਗ ਡਾਇਰੈਕਟਰ ਕਮ ਚੇਅਰਮੈਨ ਪਾਵਰਕਾਮ ਨੰੂ ਸਖ਼ਤ ਹਦਾਇਤਾਂ ਕੀਤੀਆਂ ਕਿ ਫ਼ੀਲਡ ਵਿਚ ਕੰਮ ਕਰਦੇ ਘੱਟ ਗਿਣਤੀ ਮੁਲਾਜ਼ਮਾਂ ਦੀ ਨਿਗਰਾਨੀ ਕਰਨ ਲਈ ਉਨ੍ਹਾਂ ਨੰੂ ਮੋਬਾਈਲ ਫੋਨ ਲੈ ਦੇ ਦਿੱਤੇ ਜਾਣ | ਜਦਕਿ ਪਾਵਰਕਾਮ ਮਹਿਕਮਾ ਪਹਿਲਾਂ ਹੀ ਬਹੁਤ ਘਾਟੇ ਵਿਚ ਹੈ ਜੋ ਕਿ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੰੂ ਉਨ੍ਹਾਂ ਦੇ ਬਣਦੇ ਬਕਾਏ ਯਕਮੁਸ਼ਤ ਨਹੀਂ ਦੇ ਰਿਹਾ | ਸ੍ਰੀ ਪੱਪੂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾ ਦੌਰਾਨ ਪਾਵਰਕਾਮ ਅੰਦਰ ਕੰਮ ਕਰਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਸਰਾਂ ਜੋ ਕਿ ਸਾਬਕਾ ਮੁੱਖ ਇੰਜੀਨੀਅਰ ਸਨ, ਨੇ ਪਾਵਰਕਾਮ ਅੰਦਰ ਬਿਹਤਰ ਕੰਮ ਕਰਦੇ ਹੋਏ ਕਿਸਾਨਾਂ ਤੇ ਘਰੇਲੂ ਖਪਤਕਾਰਾਂ ਨੰੂ ਬਿਜਲੀ ਨਿਰੰਤਰ ਦੇ ਕੇ ਵੱਡਾ ਨਾਮਣਾ ਖੱਟਿਆ ਸੀ | ਪਰ ਮੌਜੂਦਾ ਸਮੇਂ ਦੇ ਚੇਅਰਮੈਨ ਤੇ ਪੰਜਾਬ ਸਰਕਾਰ ਜੇਕਰ ਉਹ ਕਿਸਾਨਾਂ ਦੀ ਸੱਚੀ ਹਮਦਰਦੀ ਹੁੰਦੀ ਤਾਂ 30 ਕਰੋੜ ਰੁਪਏ ਦੇ 15600 ਮਹਿੰਗੇ ਮੋਬਾਈਲ ਨਾ ਖ਼ਰੀਦਦੀ, ਸਗੋਂ ਪੰਜਾਬ ਅੰਦਰ ਪੜ੍ਹੇ ਲਿਖੇ ਮੁਲਾਜ਼ਮਾਂ ਨੰੂ ਭਰਤੀ ਕਰਕੇ ਪੈਡੀ ਸੀਜ਼ਨ ਨੰੂ ਚਲਾਉਣ ਤੇ ਉਨ੍ਹਾਂ ਨੰੂ ਰੁਜ਼ਗਾਰ ਦਿੰਦੀ | ਇਸ ਤੋਂ ਇਲਾਵਾ ਫ਼ੀਲਡ ਅੰਦਰ ਪਹਿਲਾਂ ਤੋਂ ਘੱਟ ਗਿਣਤੀ ਕੰਮ ਕਰਦੇ ਮੁਲਾਜ਼ਮਾਂ ਨੰੂ ਟੂਲ ਕਿੱਟਾਂ ਤੇ ਹੋਰ ਸਾਜੋ ਸਮਾਨ ਖ਼ਰੀਦ ਕੇ ਦਿੰਦੀ, ਜਿਸ ਨਾਲ ਪੰਜਾਬ ਅੰਦਰ ਬੇਰੁਜ਼ਗਾਰਾਂ ਨੰੂ ਰੁਜ਼ਗਾਰ ਵੀ ਮਿਲਦਾ ਤੇ ਪੈਡੀ ਸੀਜ਼ਨ 'ਚ ਕਿਸਾਨਾਂ ਨੰੂ ਲਗਾਤਾਰ ਬਿਜਲੀ ਸਪਲਾਈ ਮਿਲਦੀ, ਜਿਸ ਨਾਲ ਕਿਸਾਨਾਂ ਤੇ ਆਮ ਖਪਤਕਾਰ ਵੀ ਖੁਸ਼ ਹੁੰਦੇ | ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਮੋਬਾਈਲ ਫੋਨ ਦਾ ਟੈਂਡਰ ਰੱਦ ਕਰਕੇ ਨੌਜਵਾਨਾਂ ਨੰੂ ਰੁਜ਼ਗਾਰ ਦਿੱਤਾ ਜਾਵੇ |