ਦੀਨਾਨਗਰ, 20 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੁਲਿਸ ਸਬ ਡਵੀਜ਼ਨ ਦੀਨਾਨਗਰ ਅਧੀਨ ਪੈਂਦੇ ਥਾਣਾ ਪੁਰਾਣਾ ਸ਼ਾਲਾ ਦੇ ਪਿੰਡ ਦਾਊਵਾਲ ਦੇ ਸਰਪੰਚ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ | ਦੀਨਾਨਗਰ ਵਿਖੇ ਡੀ.ਐਸ.ਪੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਪੁਲਿਸ ਤਫਤੀਸ਼ 'ਚ ਸਾਹਮਣੇ ਆਇਆ ਕਿ ਚੋਰੀ ਦੀ ਘਟਨਾ ਨੂੰ ਪਿੰਡ ਮਹਿਤਾਬਪੁਰ ਵਾਸੀ ਅਰੁਣ ਗਿੱਲ ਪੱੁਤਰ ਮਕਬੂਲ ਮਸੀਹ ਵਲੋਂ ਅੰਜਾਮ ਦਿੱਤਾ ਗਿਆ ਹੈ | ਮੁਲਜ਼ਮ ਦੀ ਪਹਿਚਾਣ ਹੋਣ ਮਗਰੋਂ ਪੁਲਿਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਬਟਾਲਾ ਸਥਿਤ ਉਸ ਦੀ ਮਾਸੀ ਦੇ ਘਰੋਂ ਗਿ੍ਫ਼ਤਾਰ ਕਰ ਲਿਆ ਹੈ, ਜਿਸ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਅਤੇ ਨਕਦੀ ਦਾ ਕੁਝ ਹਿੱਸਾ ਬਰਾਮਦ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਦੌਰਾਨ ਘਟਨਾ ਨਾਲ ਸਬੰਧਿਤ ਬਾਕੀ ਦੇ ਖ਼ੁਲਾਸੇ ਹੋਣ ਦੀ ਉਮੀਦ ਹੈ | ਇਸ ਮੌਕੇ ਪੁਰਾਣਾ ਸ਼ਾਲਾ ਥਾਣੇ ਦੇ ਐਸ.ਐਚ.ਓ ਕੁਲਵਿੰਦਰ ਸਿੰਘ ਵੀ ਨਾਲ ਮੌਜੂਦ ਸਨ |